ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ. ਦਾ ਮੁਲਾਜ਼ਮ 10000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Harpreet Kaur (The Mirror Time)
ਚੰਡੀਗੜ, 7 ਜੁਲਾਈ : ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਪੀ.ਐਸ.ਪੀ.ਸੀ.ਐਲ ਦੇ ਲੁਧਿਆਣਾ ਜਿਲ੍ਹੇ ਵਿਚ ਲੱਖੋਵਾਲ, ਕੋਹਾੜਾ ਦਫਤਰ ‘ਚ ਤਾਇਨਾਤ ਮਾਲੀਆ ਸਹਾਇਕ ਪਰਮਜੀਤ ਸਿੰਘ ਨੂੰ ਬਿਜਲੀ ਕੁਨੈਕਸ਼ਨ ਤਬਦੀਲ ਕਰਨ ਬਦਲੇ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਮਾਲੀਆ ਸਹਾਇਕ (ਆਰ.ਏ.) ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖੋਵਾਲ ਦੇ ਵਸਨੀਕ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਹੈ। ਸ਼ਿਕਾਇਤਕੲਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਗਿਆ ਕਿ ਮੁਲਜ਼ਮ ਪਰਮਜੀਤ ਸਿੰਘ ਉਸ ਦੇ ਪਿਤਾ ਦੇ ਨਾਂ ’ਤੇ ਦਰਜ ਟਿਊਬਵੈੱਲ ਦੇ ਬਿਜਲੀ ਕੁਨੈਕਸ਼ਨ ਨੂੰ ਉਸ ਦੇ ਨਾਂ ‘ਤੇ ਤਬਦੀਲ ਕਰਨ ਲਈ 50,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਸੌਦਾ 30,000 ਰੁਪਏ ਵਿੱਚ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ (ਆਰਥਿਕ ਅਪਰਾਧ ਸ਼ਾਖਾ), ਪੰਜਾਬ, ਲੁਧਿਆਣਾ ਦੀ ਟੀਮ ਨੇ ਪਰਮਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।