ਡੀਟੀਐੱਫ਼ ਪੰਜਾਬ ਦਾ ਜਥੇਬੰਦਕ ਇਜਲਾਸ 8 ਅਪ੍ਰੈਲ ਨੂੰ ਹੋਵੇਗਾ ਮੋਗਾ ਵਿਖੇ
21 ਮਾਰਚ ( ਮੋਗਾ ) ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਨਛੱਤਰ ਸਿੰਘ ਯਾਦਗਾਰ ਹਾਲ ਮੋਗਾ ਵਿਖੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲੇ ਲਏ ਗਏ। ਜਥੇਬੰਦੀ ਦਾ ਜਥੇਬੰਦਕ ਇਜਲਾਸ 8 ਅਪਰੈਲ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ। ਜਥੇਬੰਦੀ ਦੇ ਵਿਧਾਨਕ ਦਸਤਾਵੇਜ ‘ਤੇ ਚਰਚਾ ਕੀਤੀ ਗਈ। ਖਰੜਾ ਕਮੇਟੀ ਵੱਲੋਂ ਤਿਆਰ ਤੇ ਪਾਸ ਕੀਤੇ ਵਿਧਾਨ ਨੂੰ ਸੂਬਾ ਕਮੇਟੀ ਵਿੱਚ ਪੇਸ਼ ਕੀਤਾ ਗਿਆ। ਪੇਸ਼ ਕੀਤੇ ਵਿਧਾਨ ਦਾ ਖਰੜਾ ਪਾਸ ਕਰਨ ਉਪਰੰਤ 8 ਅਪਰੈਲ ਨੂੰ ਸੂਬਾ ਜਨਰਲ ਕੌਂਸਲ ਦੇ ਇਜਲਾਸ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਹੋ ਰਹੇ ਪ੍ਰੋਗਰਾਮਾਂ ਵਿੱਚ ਆਗੂ ਟੀਮਾਂ ਵੱਲੋਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਪ੍ਰਾਇਮਰੀ ਕਾਡਰ ਅਧਿਆਪਕਾਂ ਦੀਆਂ ਤਨਖਾਹਾਂ ਜਨਵਰੀ ਮਹੀਨੇ ਤੋਂ ਰੁਕੀਆਂ ਹੋਈਆਂ ਹਨ, ਸੰਬੰਧਤ ਤਨਖਾਹਾਂ ਲਈ ਬਜਟ ਜਾਰੀ ਕਰਵਾਉਣ ਲਈ ਵੱਖ ਵੱਖ ਸਮੇਂ ‘ਤੇ ਸੰਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ ਪਰ ਇਹ ਮੰਗ ਪੂਰੀ ਨਹੀਂ ਕੀਤੀ ਗਈ। ਹੁਣ ਇਸ ਮੰਗ ਨੂੰ ਮਨਵਾਉਣ ਲਈ 24 ਮਾਰਚ ਨੂੰ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ। ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸਰਕਾਰ ਦੀਆਂ ਨਿੱਜੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਖ਼ਿਲਾਫ਼ 28 ਤੇ 29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਜਿਸਨੂੰ ਦੇਸ਼ ਭਰ ਦੀਆਂ ਟਰੇਡ, ਕਿਸਾਨ, ਪੈਨਸ਼ਨਰ, ਅਧਿਆਪਕ ਯੂਨੀਅਨਾਂ ਵੱਲੋਂ ਹਮਾਇਤ ਕੀਤੀ ਗਈ ਹੈ। ਡੀਟੀਐੱਫ਼ ਵੱਲੋਂ ਵੀ ਨੂੰ ਡੱਟਵੀਂ ਹਮਾਇਤ ਦੇਣ ਦਾ ਫੈਸਲਾ ਕੀਤਾ ਗਿਆ। ਨਵੀਂ ਬਣੀ ਪੰਜਾਬ ਕੈਬਨਿਟ ਨੂੰ ਮਹਿਕਮੇ ਅਲਾਟ ਹੁੰਦਿਆਂ ਹੀ ਨਵੇਂ ਸਿੱਖਿਆ ਮੰਤਰੀ ਨੂੰ ਜਥੇਬੰਦੀ ਦਾ ਸੂਬਾਈ ਇਜਲਾਸ ਅਧਿਆਪਕਾਂ ਦੇ ਮੰਗਾਂ-ਮਸਲਿਆਂ ਨੂੰ ਲੈ ਕੇ ਮਿਲੇਗਾ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਵਿਭਾਗੀ ਤਰੱਕੀਆਂ ਜਲਦ ਕਰਨਾ, ਸਰਕਾਰੀ ਸਕੂਲਾਂ ਵਿੱਚ ਪਈਆਂ ਹਰ ਕਾਡਰ ਦੀਆਂ ਖਾਲੀ ਅਸਾਮੀਆਂ ਭਰਵਾਉਣਾ ਆਦਿ ਮੁੱਖ ਮੰਗਾਂ ਸਮੇਤ ਜਥੇਬੰਦੀ ਦੇ ਡਿਮਾਂਡ ਚਾਰਟਰ ’ਚ ਸ਼ਾਮਿਲ ਮੰਗਾਂ ਨੂੰ ਮੰਨਵਾਉਣਾ ਮਾਸ ਡੈਪੂਟੇਸ਼ਨ ਦਾ ਮੁੱਖ ਏਜੰਡਾ ਹੋਵੇਗਾ। ਇਸ ਸੂਬਾ ਕਮੇਟੀ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਕਰਨੈਲ ਸਿੰਘ ਚਿੱਟੀ, ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਸੂਬਾ ਕਮੇਟੀ ਮੈਂਬਰਾਨ ਲਖਵੀਰ ਹਰੀਕੇ, ਸੁਖਵਿੰਦਰ ਸੁੱਖੀ, ਹਰਦੇਵ ਮੁੱਲਾਂਪੁਰ, ਅਮਨਦੀਪ ਮਟਵਾਣੀ, ਸੁਖਵਿੰਦਰ ਪਾਲ ਗੁਰਦਾਸਪੁਰ, ਰਾਮ ਸਵਰਨ ਲੱਖੇਵਾਲੀ, ਗਗਨ ਪਾਹਵਾ, ਜਗਵੀਰਨ ਕੌਰ, ਰਾਜਦੀਪ ਸੰਧੂ ਸਮੇਤ ਸ਼੍ਰੀਮਤੀ ਮਧੂ ਬਾਲਾ ਹਾਜਰ ਸਨ।