Punjab-Chandigarh

ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਅਤੇ ਖੇਤੀ ਵਿਭਿੰਨਤਾ ਵਿਸ਼ੇ ‘ਤੇ ਚਰਚਾ

ਪਟਿਆਲਾ, 3 ਮਾਰਚ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵੱਲੋਂ ਸ਼ੇਰਗਿੱਲ ਐਗਰੀਕਲਚਰਲ ਫਾਰਮ ਪਿੰਡ ਮੰਜਾਲ ਖੁਰਦ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਅਤੇ ਖੇਤੀ ਵਿਭਿੰਨਤਾ ਵਿਸ਼ੇ ‘ਤੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਵਿੱਚ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਅਤੇ ਤਕਨਾਲੋਜੀ ਜੰਮੂ ਦੇ ਵਾਈਸ ਚਾਂਸਲਰ ਡਾ. ਜੇ. ਪੀ. ਸ਼ਰਮਾ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ।
ਡਾ. ਜੇ ਪੀ ਸ਼ਰਮਾ ਨੇ ਸ਼ੇਰਗਿੱਲ ਫਾਰਮ ਦੀ ਸ਼ਲਾਘਾ ਕਰਦੇ ਹੋਏ ਕਿਸਾਨਾਂ ਨੂੰ ਸ਼ੇਰਗਿੱਲ ਭਰਾਵਾਂ ਦੇ ਨਕਸ਼ੇ ਕਦਮ ਤੇ ਚਲਣ ਲਈ ਪ੍ਰੇਰਿਆ। ਉਹਨਾਂ ਨੇ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਮੁੱਲ ਵਧੇਰੇ ਕਰਕੇ ਵੇਚਣ ਦੀ ਅਪੀਲ ਵੀ ਕੀਤੀ।
ਮੇਲੇ ‘ਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਅਤੇ ਐਗਰੀਕਲਚਰ ਫਾਰਮਰ ਕਮਿਸ਼ਨ ਦੇ ਚੇਅਰਮੈਨ ਸ. ਅਵਤਾਰ ਸਿੰਘ ਢੀਂਡਸਾ ਨੇ ਵਿਸ਼ੇਸ਼ ਮਹਿਮਾਨ ਵੱਜੋ ਸ਼ਿਰਕਤ ਕੀਤੀ। ਡਾਇਰੈਕਟਰ, ਆਈ.ਸੀ.ਏ.ਆਰ-ਅਟਾਰੀ ਡਾ. ਰਾਜਬੀਰ ਸਿੰਘ ਅਤੇ ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਡਾ. ਜੀ.ਪੀ.ਐਸ ਸੋਢੀ, ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਡਾ. ਇੰਦਰਜੀਤ ਸਿੰਘ ਨੇ ਸਮਾਗਮ ਵਿਚ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤਕਨੀਕੀ ਗਿਆਨ ਹਾਸਲ ਕਰਕੇ ਖੇਤੀ ਵਿਭਿੰਨਤਾ ਦੇ ਨਾਲ-ਨਾਲ ਪਸ਼ੂ ਪਾਲਣ ਨੂੰ ਅਪਣਾਉਣਾ ਚਾਹੀਦਾ ਹੈ। ਸ. ਅਵਤਾਰ ਸਿੰਘ ਢੀਂਡਸਾ ਨੇ ਕਿਸਾਨਾਂ ਨੂੰ ਖ਼ਰਚੇ ਘਟਾ ਕੇ ਕੋਆਪਰੇਟਿਵ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਮਾਈਕਰੋ ਲੈਵਲ ਦੀ ਪਲੈਨਿੰਗ ਕਰਨ ਲਈ ਕਿਹਾ। ਡਾ. ਰਾਜਬੀਰ ਸਿੰਘ ਨੇ ਕਿਹਾ ਕੇ ਕਿਸਾਨਾਂ ਨੂੰ ਅਜਿਹੇ ਮੇਲਿਆਂ ਵਿਚ ਭਾਗ ਲੈ ਕੇ ਆਧੁਨਿਕ ਤਕਨੀਕੀ ਗਿਆਨ ਹਾਸਲ ਕਰਦੇ ਰਹਿਣਾ ਚਾਹੀਦਾ ਹੈ। ਡਾ. ਜੀ.ਪੀ.ਐਸ. ਸੋਢੀ ਨੇ ਕਿਸਾਨਾਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦੇ ਕੇ.ਵੀ.ਕੇ. ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਕੁਦਰਤੀ ਸਾਧਨਾਂ ਦੀ ਸੁਚੱਜੀ ਵਰਤੋਂ ਲਈ ਅਪੀਲ ਕੀਤੀ। ਇਸ ਸਮਾਗਮ ਵਿੱਚ ਪਟਿਆਲਾ ਜ਼ਿਲ੍ਹੇ ਦੇ ਕਈ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੇ ਪੀ.ਏ.ਯੂ. ਦੇ ਵੱਖ-ਵੱਖ ਫਸਲਾਂ ਦੇ ਬੀਜ ਅਤੇ ਕਿੱਟਾਂ ਦੀ ਖ਼ਰੀਦਦਾਰੀ ਵੀ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਅਤੇ ਬਾਗਬਾਨੀ ਵਿਭਾਗ, ਪਟਿਆਲਾ ਦੇ ਮਾਹਿਰਾਂ ਨੇ ਤਕਨੀਕੀ ਸੈਸ਼ਨ ਵਿਚ ਖੇਤੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਸ਼ੇਰਗਿੱਲ ਅਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ, ਸ਼ੇਰਗਿੱਲ ਐਗਰੀਕਲਚਰ ਫਾਰਮ ਨੇ ਆਏ ਹੋਏ ਮਹਿਮਾਨਾਂ ਅਤੇ ਕਿਸਾਨ ਭਰਾਵਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਹਨਾਂ ਨੂੰ ਆਪਣੇ ਫਾਰਮ ਦਾ ਦੌਰਾ ਕਰਵਾਇਆ। ਇਸ ਸਮਾਗਮ ਵਿਚ ਆਲੇ-ਦੁਆਲੇ ਦੇ ਪਿੰਡਾਂ ਤੋਂ ਆਏ ਕਿਸਾਨਾਂ ਅਤੇ ਬੀਬੀਆਂ ਸ਼ੇਰਗਿੱਲ ਐਗਰੀਕਲਚਰ ਫਾਰਮ ਤੇ ਫਸਲੀ ਵਿਭਿੰਨਤਾ ਨੂੰ ਵੇਖ ਕੇ ਬਹੁਤ ਉਤਸ਼ਾਹਿਤ ਹੋਏ। ਡਾ. ਵਿਪਨ ਕੁਮਾਰ ਰਾਮਪਾਲ, ਡਿਪਟੀ ਡਾਇਰੈਕਟਰ, ਕੇ.ਵੀ.ਕੇ., ਪਟਿਆਲਾ ਨੇ ਸਾਰੇ ਮਹਿਮਾਨਾਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ।

Spread the love

Leave a Reply

Your email address will not be published. Required fields are marked *

Back to top button