ਜ਼ਿਲ੍ਹੇ ਦੀਆਂ ਮੰਡੀਆਂ ‘ਚ 8 ਲੱਖ 93 ਹਜ਼ਾਰ 401 ਮੀਟਰਿਕ ਕਣਕ ਪੁੱਜੀ
Harpreet Kaur ( TMT)
ਪਟਿਆਲਾ, 13 ਮਈ:
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ‘ਚ 8 ਲੱਖ 93 ਹਜ਼ਾਰ 401 ਮੀਟਰਿਕ ਟਨ ਦੀ ਆਮਦ ਹੋਈ ਹੈ ਤੇ ਮੰਡੀਆਂ ‘ਚ ਪੁੱਜੀ ਸਾਰੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 1893.22 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਖ਼ਰੀਦ ਕੀਤੀ ਕਣਕ ਵਿੱਚੋਂ ਹੁਣ ਤੱਕ ਪਨਗਰੇਨ ਵੱਲੋਂ 294721 ਮੀਟਰਿਕ ਟਨ, ਮਾਰਕਫੈਡ ਵੱਲੋਂ 217125 ਮੀਟਰਿਕ ਟਨ, ਪਨਸਪ ਵੱਲੋਂ 199239 ਮੀਟਰਿਕ ਟਨ, ਵੇਅਰ ਹਾਊਸ ਵੱਲੋਂ 158278 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 24038 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।
ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਗ ਲਗਾਉਣ ਕਾਰਨ 80 ਫ਼ੀਸਦੀ ਜੈਵਿਕ ਮਾਦਾ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮਾਨੋਅਕਸਾਈਡ ਗੈਸ ਦੇ ਤੌਰ ‘ਤੇ ਨਸ਼ਟ ਹੋ ਜਾਂਦਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਪੌਦੇ ਦੇ ਤੱਤਾਂ (ਖਾਸ ਤੌਰ ਤੇ ਨਾਈਟ੍ਰੋਜਨ ਅਤੇ ਗੰਧਕ) ਦਾ ਨਾਸ਼ ਹੁੰਦਾ ਹੈ ਜਿਸ ਦਾ ਮਿੱਟੀ ਦੀ ਸਿਹਤ ਮਾੜਾ ਪ੍ਰਭਾਵ ਪੈਂਦਾ ਹੈ। ਲਗਭਗ 89 ਫ਼ੀਸਦੀ ਨਾਈਟ੍ਰੋਜਨ, 20 ਫ਼ੀਸਦੀ ਫਾਸਫੋਰਸ ਅਤੇ ਪੋਟਾਸ਼, 50 ਫ਼ੀਸਦੀ ਸਲਫ਼ਰ ਆਦਿ ਤੱਤ ਅੱਗ ਕਾਰਨ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਣ ਸਾਫ਼-ਸੁਥਰਾ ਰਹੇ, ਮਿੱਟੀ ਦੀ ਉਪਜਾਊ ਸ਼ਕਤੀ ਵਧੇ, ਮਿੱਤਰ ਕੀੜੇ ਖ਼ਤਮ ਨਾ ਹੋਣ, ਖਾਦਾਂ ਦੀ ਵਰਤੋਂ ਘੱਟ ਸਕੇ ਅਤੇ ਜੈਵਿਕ ਮਾਦਾ ਵਧ ਸਕੇ ਜਿਸ ਨਾਲ ਪਾਣੀ ਦੀ ਬੱਚਤ ਵੀ ਹੋ ਸਕੇ।