ਸਿਵਲ ਸਰਜਨ ਨੇ ਵੱਧ ਰਹੀ ਗਰਮੀ ਤੋਂ ਬਚਾਅ ਲਈ ਨੁਕਤੇ ਕੀਤੇ ਜਾਰੀ
suman (TMT)
ਪਟਿਆਲਾ 23 ਮਈ
ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਨਾਲ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਰਮੀ ਦਾ ਅਸਰ ਦਿਖਾਈ ਦੇ ਰਿਹਾ ਹੈ।ਗਰਮ ਹਵਾਵਾਂ ਜਾਂ ਕਹਿ ਲਓ ਲੂ ਦੀਆਂ ਲਹਿਰਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।ਅਜਿਹੇ ‘ਚ ਲੋਕਾਂ ਦਾ ਬਿਮਾਰ ਹੋਣਾ ਆਮ ਗੱਲ ਹੈ। ਗਰਮੀ ਕਾਰਨ ਲਗਭਗ ਹਰ ਇਲਾਕੇ ਵਿੱਚ ਉਲਟੀਆਂ, ਦਸਤ, ਡੀਹਾਈਡ੍ਰੇਸ਼ਨ ਵਰਗੀਆਂ ਆਮ ਸਮੱਸਿਆਵਾਂ ਹੋ ਰਹੀਆਂ ਹਨ। ਮਾਹਿਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਗਰਮੀ ਕਾਰਨ ਵਿਅਕਤੀ ਸਟ੍ਰੋਕ ਅਤੇ ਕੋਮਾ ਵਿੱਚ ਜਾ ਸਕਦਾ ਹੈ। ਜੇਕਰ ਸਮੇਂ ਸਿਰ ਪ੍ਰਬੰਧ ਨਾ ਕੀਤੇ ਗਏ ਤਾਂ ਇਹ ਸਥਿਤੀ ਜਾਨਲੇਵਾ ਹੋ ਸਕਦੀ ਹੈ।
ਸਿਵਲ ਸਰਜਨ ਡਾ.ਰਮਿੰਦਰ ਕੌਰ ਨੇ ਕਿਹਾ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਕਈ ਲੋਕਾਂ ਨੂੰ ਆਮ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹੀਟ ਸਟ੍ਰੋਕ ਤੋਂ ਇਲਾਵਾ ਤੇਜ਼ ਗਰਮੀ ਵਿੱਚ ਡੀਹਾਈਡਰੇਸ਼ਨ, ਹੀਟ ਕ੍ਰੈਂਪ, ਹੀਟ ਸਿੰਕੋਪ, ਚੱਕਰ ਆਉਣਾ, ਘੱਟ ਬੀਪੀ ਦੀ ਸਮੱਸਿਆ ਆਮ ਹੈ।ਅਜਿਹੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਕਿ ਵਿਅਕਤੀ ਕੋਮਾ ਵਿੱਚ ਜਾ ਸਕਦਾ ਹੈ। ਪ੍ਰਭਾਵਿਤ ਵਿਅਕਤੀ ਨੂੰ ਛਾਂ ਵਿੱਚ ਲਿਆਉਣ ਦੇ ਫ਼ੌਰੀ ਉਪਾਅ ਅਤੇ ਸਰੀਰ ਦੇ ਤਾਪਮਾਨ ਨੂੰ ਘਟਾਉਣ ਦੇ ਯਤਨ ਜ਼ਰੂਰੀ ਹਨ।ਗਰਮੀਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਘੱਟ ਹੋਣ ਕਾਰਨ ਉਲਟੀਆਂ, ਦਸਤ ਵਰਗੀਆਂ ਸਮੱਸਿਆਵਾਂ ਵੀ ਆਮ ਹਨ। ਫੂਡ ਪੁਆਇਜ਼ਨਿੰਗ, ਗੰਦਾ ਪਾਣੀ ਪੀਣ ਨਾਲ ਟਾਈਫ਼ਾਈਡ, ਹੈਪੇਟਾਈਟਸ, ਪੀਲੀਆ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਉਹਨਾਂ ਦੱਸਿਆ ਕਿ ਦਿਨ ਵਿੱਚ ਕਰੀਬ ਦੋ ਘੰਟੇ ਬਹੁਤ ਤੇਜ਼ ਧੁੱਪ ਪੈਂਦੀ ਹੈ।ਇਸ ਲਈ ਗਰਮੀ ਦੀਆਂ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਘੰਟਿਆਂ ਦੌਰਾਨ ਦੁਪਹਿਰ 1-3 ਵਜੇ ਤੱਕ ਸਿੱਧੀ ਧੁੱਪ ਵਿੱਚ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸੁਮੀਤ ਸਿੰਘ ਨੇ ਕਿਹਾ ਕਿ ਇੱਕ ਦਿਨ ਵਿੱਚ ਢਾਈ ਤੋਂ ਤਿੰਨ ਲੀਟਰ ਪਾਣੀ ਸਮੇਤ ਤਰਲ ਪਦਾਰਥਾਂ ਦਾ ਸੇਵਨ ਕਰੋ। ਸਵੱਛਤਾ ਦਾ ਧਿਆਨ ਰੱਖਦੇ ਹੋਏ ਬਾਜ਼ਾਰਾਂ ਵਿੱਚ ਜੂਸ ਦੀ ਬਜਾਏ ਤਾਜ਼ੇ ਸਾਬਤ ਫਲ਼ਾਂ ਦੀ ਵਰਤੋਂ ਕਰੋ ਤਾਂ ਜੋ ਉਲਟੀ, ਦਸਤ, ਅਪਚ, ਡੀਹਾਈਡਰੇਸ਼ਨ ਦੀਆਂ ਸਮੱਸਿਆਵਾਂ ਤੋਂ ਬਚਾਅ ਰੱਖਿਆ ਜਾ ਸਕੇ। ਸਰੀਰ ਵਿੱਚ ਲੋੜੀਂਦੇ ਇਲੈਕਟ੍ਰੋਲਾਈਟਸ ਸੰਤੁਲਨ ਨੂੰ ਪੂਰਾ ਕਰਨ ਲਈ ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਲੱਸੀ ਇੱਕ ਵਧੀਆ ਵਿਕਲਪ ਹੋ ਸਕਦੇ ਹਨ। ਤਰਬੂਜ਼ ਵਿੱਚ ਫਲ਼ਾਂ ਨਾਲੋਂ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।ਉਹਨਾਂ ਅਨੁਸਾਰ ਗਰਮੀ ਕਾਰਨ ਸਰੀਰ ਦੀਆਂ ਅੰਦਰੂਨੀ ਸਮੱਸਿਆਵਾਂ ਦੇ ਨਾਲ-ਨਾਲ ਬਾਹਰੀ ਤੌਰ ‘ਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ। ਸ਼ਰਾਬ , ਕੌਫ਼ੀ, ਚਾਹ ਅਤੇ ਕਾਰਬੋਨੇਟਿਡ ਸਾਫਟ ਡਰਿੰਕ ਤੋਂ ਪਰਹੇਜ਼ ਕੀਤਾ ਜਾਵੇ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ।ਉੱਚ ਪ੍ਰੋਟੀਨ ਅਤੇ ਬਾਸੀ ਭੋਜਨ ਖਾਣ ਤੋਂ ਵੀ ਪਰਹੇਜ਼ ਕੀਤਾ ਜਾਵੇ।ਚਮੜੀ ‘ਤੇ ਲਾਲ ਧੱਫੜ, ਪਿੱਤ ਦੇ ਧੱਫੜ ਅਤੇ ਇਨਫੈਕਸ਼ਨ ਦਾ ਵੀ ਖ਼ਤਰਾ ਰਹਿੰਦਾ ਹੈ।ਇਸ ਤੋਂ ਸੁਰੱਖਿਆ ਲਈ ਸਰੀਰ ‘ਤੇ ਗੂੜ੍ਹੇ ਰੰਗ ਦੇ ਕੱਪੜੇ ਨਾ ਪਾਓ।
ਫੋਟੋ ਕੈਪਸ਼ਨ: ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਰਮਿੰਦਰ ਕੌਰ