EducationPunjab-ChandigarhTop News

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਹੋਇਆ 26ਵੀਂ ਪੰਜਾਬ ਸਾਇੰਸ ਕਾਂਗਰਸ ਦਾ ਆਗਾਜ

Ajay Verma ( The mirror Time )

Fatehgarh Sahib 

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 26ਵੀਂ ਪੰਜਾਬ ਸਾਇੰਸ ਕਾਂਗਰਸ ਦੇ ਆਗਾਜ ਮੌਕੇ ਉਦਘਾਟਨੀ ਸੈਸ਼ਨ ਵਿੱਚ ਯੂਨੀਵਰਸਿਟੀ ਪ੍ਰੋ–ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਪ੍ਰੋਫੈਸਰ ਬਰਾੜ ਨੇ ਉਚੇਰੀ ਸਿੱਖਿਆ ਤੇ ਖੋਜ ਦੇ ਖੇਤਰ ਅਤੇ ਖਾਸਕਰ ਵਿਗਿਆਨਕ ਖੋਜ ਦੇ ਖੇਤਰ ਵਿੱਚ ਵੱਡੇ ਹੱਭਲੇ ਮਾਰਨ ਦੀ ਸਖਤ ਲੋੜ ਉਪਰ ਜੋਰ ਦਿੱਤਾ। ਉਨ੍ਹਾਂ ਨੇ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਹੋ ਰਹੀ ਤਰੱਕੀ ਉੱਪਰ ਤਸੱਲੀ ਵੀ ਪ੍ਰਗਟਾਈ ਪਰ ਨਾਲ ਹੀ ਇਸ ਦੀ ਦੁਰਵਰਤੋਂ ਦੇ ਮਾਰੂ ਸਿੱਟਿਆ ਦਾ ਵੀ ਜਿਕਰ ਕੀਤਾ। ਉਨ੍ਹਾਂ ਆਖਿਆ ਕਿ ਸਾਡੀਆਂ ਸਰਕਾਰਾਂ ਦੀ ਵਿਗਿਆਨ ਅਤੇ ਖੋਜ ਦੇ ਖੇਤਰ ਵਿੱਚ ਬੇਰੁਖੀ ਮੰਦਭਾਗੀ ਹੈ। ਉਨ੍ਹਾਂ ਆਖਿਆ ਕਿ ਕੋਈ ਇੱਕ ਸੰਸਥਾ ਇਸ ਖੱਪੇ ਨੂੰ ਪੂਰਾ ਨਹੀਂ ਕਰ ਸਕਦੀ। ਇਸ ਘਾਟ ਨੂੰ ਪੂਰਾ ਕਰਨ ਲਈ ਵਿਗਿਆਨ ਜਗਤ ਦੀਆਂ ਨਾਮਵਰ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਅਕਾਦਮਿਕ ਸੰਸਥਾਵਾਂ ਅਤੇ ਖੋਜੀਆਂ ਲਈ ਕੋਈ ਸਾਂਝਾ ਪ੍ਰੋਰਗ੍ਰਾਮ ਅਤੇ ਸਟੇਜ ਮੁਹੱਈਆ ਕਰਵਾਈ ਜਾ ਸਕੇ। ਕਾਨਫਰੰਸ ਦੇ ਉਦਘਾਟਨੀ ਵਕਤਾ ਪ੍ਰੋ. ਅਰਵਿੰਦ, ਵਾਈਸ–ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਰਲਡ ਯੂਨੀਵਰਸਿਟੀ ਵਿਖੇ ਪੰਜਾਬ ਸਾਇੰਸ ਕਾਂਗਰਸ ਦੇ ਆਯੋਜਨ ਲਈ ਪ੍ਰੋ–ਚਾਂਸਲਰ, ਪ੍ਰੋ. ਬਰਾੜ ਅਤੇ ਵਾਈਸ–ਚਾਂਸਲਰ, ਪ੍ਰੋਫੈਸਰ ਪਰਿਤ ਪਾਲ ਸਿੰਘ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਪ੍ਰੋ. ਅਰਵਿੰਦ ਨੇ ਵਾਤਾਵਰਣ ਪ੍ਰਦੂਸ਼ਨ ਦੇ ਮੂਲ ਕਾਰਨ ਨੂੰ ਸਮਝਣ ਦੀ ਲੋੜ ਉੱਪਰ ਜੋਰ ਦਿੱਤਾ। ਉਨ੍ਹਾਂ ਨੇ ਜੋਰ ਦੇ ਕੇ ਆਖਿਆ ਕਿ ਤਜਰਬੇਕਾਰ ਵਿਦਵਾਨਾਂ ਅਤੇ ਨੌਜਵਾਨ ਬੁੱਧੀਜੀਵੀਆਂ, ਵਿਗਿਆਨੀਆਂ ਤੇ ਕਾਰਕੁੰਨਾਂ ਨੂੰ ਪੰਜਾਬ ਅਕੈਡਮੀ ਆਫ਼ ਸਾਇੰਸਿਜ਼ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਨੇ ਵਿਦਿਅਕ ਸੰਸਥਾਵਾਂ ਵਿੱਚ ਠੇਕੇ ਦੇ ਆਧਾਰ ‘ਤੇ ਭਰਤੀ ਕੀਤੇ ਜਾਂਦੇ ਖੋਜੀਆਂ ਤੇ ਫੈਕਲਟੀ ਦੀ ਭਰਤੀ ‘ਤੇ ਸਵਾਲ ਉਠਾਏ ਅਤੇ ਗਿਆਨ, ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਦੇ ਮਿਆਰੀ ਉਤਪਾਦਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਾਤਾਵਰਣ ਸੰਕਟ ਲਈ ਵਿਗਿਆਨਕ ਕਾਢਾਂ ਤੋਂ ਵੱਧ ਆਰਥਿਕ ਮਾਡਲ ਨੂੰ ਜ਼ਿੰਮੇਵਾਰ ਠਹਿਰਾਇਆ।

          ਉਦਘਾਟਨੀ ਸੈਸ਼ਨ ਦੇ ਸਵਾਗਤੀ ਸ਼ਬਦਾਂ ਦੌਰਾਨ ਵਾਈਸ–ਚਾਂਸਲਰ, ਪ੍ਰੋ. ਪਰਿਤ ਪਾਲ ਸਿੰਘ ਨੇ ਯੂਨੀਵਰਸਿਟੀ ਵਿਹੜੇ ਅੰਦਰ ਰਾਸ਼ਟਰੀ ਅਤੇ ਅੰਤਰ–ਰਾਸ਼ਟਰੀ ਪੱਧਰ ਦੀਆਂ ਸਥਾਪਤ ਵਿਗਿਆਨਕ ਸ਼ਖ਼ਸੀਅਤਾਂ ਅਤੇ ਨੌਜਵਾਨ ਖੋਜੀਆਂ ਦੀ ਆਮਦ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਵਿਗਿਆਨ ਦੀ ਲੱਭਤਾਂ ਨੂੰ ਖੇਤਰੀ ਲੋੜਾਂ ਅਨੁਸਾਰ ਘੱਟੋ–ਘੱਟ ਪ੍ਰਦੂਸ਼ਨ ਨਾਲ ਵੱਧੋ–ਵੱਧ ਸੁਖ–ਸਹੂਲਤਾਂ ਵਾਲਾ ਬਣਾਉਣਾ ਸਮੇਂ ਦੀ ਮੰਗ ਹੈ ਅਤੇ ਇਸ ਕਾਰਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਹਮੇਸ਼ਾ ਬਣਦਾ ਫਰਜ ਨਿਭਾਉਂਦੀ ਰਹੇਗੀ। ਦੇਸ਼–ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਖੋਜੀਆਂ ਨੂੰ ਵਿਗਿਆਨਕ ਖੇਤਰ ਵਿੱਚ ਖੋਜ ਦੀਆਂ ਅਨੰਤ ਸੰਭਾਵਨਾਵਾਂ ਵੱਲ ਪ੍ਰੇਰਦਿਆਂ ਵਾਈਸ–ਚਾਂਸਲਰ ਨੇ ਨੌਜਵਾਨਾਂ ਦੇ ਉਤਸ਼ਾਹ ਅਤੇ ਉਦਮ ਸੰਬੰਧੀ ਤਸੱਲੀ ਪ੍ਰਗਟਾਈ।

          ਕਾਨਫਰੰਸ ਸੰਬੰਧੀ ਜਾਣ–ਪਛਾਣ ਕਰਵਾਉਂਦਿਆਂ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਵਿਸ਼ਵ ਦੀਆਂ ਬਿਹਤਰੀਨ ਅਕਾਦਮਿਕ ਸੰਸਥਾਵਾਂ ਇੰਪੀਰੀਅਲ ਕਾਲਜ ਲੰਡਨ; ਯੂਨੀਵਰਸਿਟੀ ਆਫ ਹੇਲ, ਸਉਦੀ ਅਰਬ; ਕੂਈਨਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ, ਆਸਟ੍ਰੇਲੀਆ; ਆਈਟਰਮ, ਜਰਮਨ ਅਤੇ ਭਾਰਤ ਦੀਆਂ ਆਈ.ਆਈ.ਟੀ. ਰੋਪੜ ਤੇ ਆਈ.ਸੀ.ਏ.ਆਰ ਨਵੀਂ ਦਿੱਲੀ ਸਮੇਤ ਨਾਮਵਰ ਸੰਸਥਾਵਾਂ ਤੋਂ ਤਿੰਨ ਸੌ ਤੋਂ ਵੱਧ ਡੈਲੀਗੇਟਸ ਹਿੱਸਾ ਲੈਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਹਰੇਕ ਦਿਨ ਦੀ ਸ਼ੁਰੂਆਤ ਮੁੱਖ ਵਿਸ਼ੇ ਤੇ ਪਲੈਨਰੀ ਟਾਕਸ ਨਾਲ ਹੋਵੇਗੀ ਅਤੇ ਹਰੇਕ ਤਕਨੀਕੀ ਸੈਸ਼ਨ ਦੀ ਸ਼ੁਰੂਆਤ ਲੀਡ ਲੈਕਚਰ ਨਾਲ ਕੀਤੀ ਜਾਵੇਗੀ ਜਿਸ ਰਾਹੀਂ ਭਾਗ ਲੈ ਰਹੇ ਵਿਦਵਾਨ ਅਤੇ ਖੋਜਾਰਥੀਆਂ ਨੂੰ ਵਿਚਾਰ-ਵਟਾਂਦਰ ਲਈ ਵਧੀਆ ਮਾਹੌਲ ਪ੍ਰਦਾਨ ਕੀਤਾ ਜਾ ਸਕੇਗਾ।

          ਉਦਘਾਟਨੀ ਸੈਸ਼ਨ ਦੇ ਮੁੱਖ ਵਕਤਾ ਪ੍ਰੋ. ਸ.ਸ. ਗਿੱਲ, ਸਾਬਕਾ ਵਾਈਸ–ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਨੇ ਜੀਵਨ ਦੀਆਂ ਬੁਨਿਆਦੀ ਲੋੜਾਂ, ਖੇਤੀ ਪ੍ਰਧਾਨ ਆਰਥਿਕਤਾ ਅਤੇ ਵਾਤਾਵਰਨ ਆਦਿ ਮਸਲਿਆਂ ਨੂੰ ਉਭਾਰਿਆ। ਵਰਖਾ ਰੁੱਤ ਅਤੇ ਮੀਹ ਵਿੱਚ ਆਈ ਤਬਦੀਲੀ ਕਾਰਣ ਫਸਲਾਂ ਦੇ ਘਟ ਰਹੇ ਝਾੜ ਉੱਪਰ ਚਿੰਤਾ ਜਤਾਈ। ਉਨ੍ਹਾਂ ਆਖਿਆ ਕਿ ਅੱਜ ਸਾਨੂੰ ਦੂਜੇ ਦੇਸ਼ਾਂ ਤੋਂ ਫਲ ਤੇ ਸਬਜ਼ੀਆਂ ਖਰੀਦਣੇ ਪੈ ਰਹੇ ਹਨ ਜਿਸ ਦੀ ਵਜ੍ਹਾ ਉਤਪਾਦਨ ਦਾ ਟਿਕਾਊ ਤਰੀਕਾ ਨਾ ਹੋਣਾ ਹੈ। ਉਨ੍ਹਾਂ ਆਖਿਆ ਕਿ ਸਾਡੇ ਦਰਿਆ ਬਰਸਾਤ ‘ਤੇ ਨਿਰਭਰ ਨਹੀਂ ਹਨ ਸਗੋਂ ਗਲੇਸ਼ੀਅਰਾਂ ‘ਤੇ ਨਿਰਭਰ ਹਨ। ਗਰਮ ਹੋਣ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਨਵੇਂ ਪਾਏ ਜਾ ਰਹੇ ਵਾਇਰਸ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਮੈਡੀਕਲ ਵਿਗਿਆਨ ਵਿੱਚ ਵੱਡੀ ਤਿਆਰੀ ਕਰਨ ਦੀ ਲੋੜ ਹੈ। ਉਨ੍ਹਾਂ ਪ੍ਰੋਟੀਨ ਦੀ ਕਮੀ ਨੂੰ ਚਿੰਤਾਜਨਕ ਦੱਸਦਿਆਂ ਆਖਿਆ ਕਿ ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਵਿਦਿਅਕ ਅਦਾਰੇ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਚੁਣੌਤੀਆਂ ਦੇ ਸਥਾਨਕ ਹੱਲ ਲੱਭਣੇ ਚਾਹੀਦੇ ਹਨ। ਅਸਹਿਣਸ਼ੀਲਤਾ ਅਤੇ ਅਸਹਿਣਸ਼ੀਲਤਾ ਨਾਲ ਨਾ ਸਿਰਫ ਭੌਤਿਕ ਵਾਤਾਵਰਣ ਬਲਕਿ ਸਮਾਜਿਕ ਵਾਤਾਵਰਣ ਵੀ ਪ੍ਰਭਾਵਿਤ ਹੁੰਦਾ ਹੈ

          ਇਸ ਮੌਕੇ ਪੰਜਾਬ ਅਕੈਡਮੀ ਆਫ ਸਾਇੰਸਿਜ ਦੇ ਸਕੱਤਰ ਪ੍ਰੋ. ਤਰਲੋਕ ਸਿੰਘ ਅਤੇ ਸਾਬਕਾ ਸਕੱਤਰ ਪ੍ਰੋ. ਐਨ.ਆਰ. ਧਾਮੀਵਾਲ ਨੇ ਸ਼ਿਰਕਤ ਕੀਤੀ ਅਤੇ ਪੰਜਾਬ ਸਾਇੰਸ ਕਾਂਗਰਸ ਵੱਲੋਂ ਡਾ. ਟੀ.ਐਸ. ਕਲੇਰ ਅਤੇ ਆਈ.ਆਈ.ਟੀ. ਰੋਪੜ ਦੇ ਨਿਰਦੇਸ਼ਕ ਪ੍ਰੋ. ਰਜੀਵ ਅਹੂਜਾ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਅਜਾਤ ਸ਼ਤਰੂ ਅਰੋੜਾ, ਪ੍ਰੋਫੈਸਰ, ਸਲਾਇਟ, ਲੌਂਗੋਵਾਲ ਅਤੇ ਡਾ. ਏ.ਐਚ. ਜੋਸ਼ੀ, ਤਿਲਕ ਮਹਾਰਾਸ਼ਟਰਾ ਵਿੱਦਿਆਪੀਠ, ਪੂਨੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋ. ਕਲੇਰ ਲੇ ਆਖਿਆ ਕਿ ਭਾਰਤ ਬੁੱਧੀਜੀਵੀਆਂ ਨਾਲ ਭਰਿਆ ਹੋਇਆ ਹੈ ਪਰ ਸਾਡੇ ਸਮਾਜ ਵਿੱਚ ਬੌਧਿਕਤਾ ਦੀ ਮਾਨਤਾ ਬਹੁਤ ਘੱਟ ਹੈ। ਫੈਸਲੇ/ਨੀਤੀ ਬਣਾਉਣ ਵਿੱਚ ਬੁੱਧੀਜੀਵੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ। ਸਮਾਗਮ ਦੌਰਾਨ ਸਟੇਜ ਸੰਚਾਲਨ ਦਾ ਕਾਰਜ ਕਾਨਫਰੰਸ ਦੇ ਆਯੋਜਕ ਸਕੱਤਰ ਡਾ. ਯਾਦਵਿੰਦਰ ਸਿੰਘ, ਇੰਚਾਰਜ ਬਾਟਨੀ ਐਂਡ ਇਨਵਾਇਰਮੈਂਟ ਵਿਭਾਗ ਨੇ ਨਿਭਾਈ ਅਤੇ ਅਖੀਰ ਵਿੱਚ ਪ੍ਰੋ. ਤੇਜਬੀਰ ਸਿੰਘ, ਮੁਖੀ, ਫਿਜਕਸ ਵਿਭਾਗ ਨੇ ਪਹੁੰਚੇ ਪਤਵੰਤਿਆਂ, ਵਿਦਵਾਨਾਂ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ। ਇਸ ਮੌਕੇ ਬਾਹਰੋਂ ਆਏ ਡੈਲਿਗੇਟਸ ਤੋਂ ਇਲਾਵਾ ਵੱਖ–ਵੱਖ ਵਿਭਾਗਾਂ ਦੇ ਮੁਖੀ ਅਤੇ ਸਟਾਫ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button