ਲੀਚੀ, ਅਨਾਨਾਸ, ਬਿਲ, ਸੰਤਰਾ ਤੇ ਨਿੰਬੂ ਤੋਂ ਤਿਆਰ ਸੁਕੈਸ਼ ਪਟਿਆਲਾ ਤੋਂ ਸੂਬੇ ਭਰ ’ਚ ਕੀਤੇ ਜਾਂਦੇ ਸਪਲਾਈ

ਪਟਿਆਲਾ, 12 ਮਈ:
ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲਿੰਦਰ ਕੌਰ ਦੀ ਅਗਵਾਈ ਵਿੱਚ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਵੱਖ ਵੱਖ ਫਲਾਂ ਦੇ ਸੁਕੇਸ਼ ਤਿਆਰ ਕੀਤੇ ਗਏ ਹਨ। ਇਹ ਲੀਚੀ, ਅੰਬ, ਕਿਨੂੰ ਅਤੇ ਬਿੱਲ ਆਦਿ ਫਲਾਂ ਦੇ ਰਸ ਤੋਂ ਤਿਆਰ ਕੀਤੇ ਗਏ ਸੁਕੈਸ਼ ਬਹੁਤ ਹੀ ਵਾਜਬ ਰੇਟ ’ਤੇ ਆਮ ਲੋਕਾਂ ਨੂੰ ਉਪਲਬਧ ਹਨ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਨਰਿੰਦਰਬੀਰ ਸਿੰਘ ਮਾਨ ਨੇ ਦੱਸਿਆ ਕਿ ਬਾਰਾਂਦਰੀ ਬਾਗ਼ ਪਟਿਆਲਾ ਵਿਖੇ ਸਥਿਤ ਸਰਕਾਰੀ ਫਲ਼ ਸੁਰੱਖਿਆ ਲੈਬਾਰਟਰੀ ਵਿੱਚ ਤਿਆਰ ਵਧੀਆ ਅਤੇ ਸ਼ੁੱਧ ਫਲਾਂ ਦੇ ਸ਼ਰਬਤ ਤੇ ਸੁਕੈਸ਼ ਦੀ ਬਹੁਤ ਮੰਗ ਹੈ।
ਅੱਜ ਪਟਿਆਲਾ ਤੋਂ ਵੱਖ ਵੱਖ ਜ਼ਿਲਿਆਂ ਨੂੰ ਸੁਕੈਸ਼ ਭੇਜਣ ਸਮੇਂ ਸਹਾਇਕ ਡਾਇਰੈਕਟਰ ਡਾ ਸੰਦੀਪ ਗਰੇਵਾਲ ਨੇ ਦੱਸਿਆ ਕਿ ਇੱਥੋਂ ਦੇ ਲੀਚੀ, ਅਨਾਨਾਸ, ਬਿਲ, ਸੰਤਰਾ ਅਤੇ ਨਿੰਬੂ ਆਦਿ ਤੋਂ ਤਿਆਰ ਸੁਕੈਸ਼ ਸਾਰੇ ਪੰਜਾਬ ਨੂੰ ਸਪਲਾਈ ਕੀਤੇ ਜਾਂਦੇ ਹਨ।
ਲੈਬਾਰਟਰੀ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਫਲ੍ਹਾ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਅਤੇ ਪ੍ਰੀਜਰਵੇਸ਼ਨ ਸਬੰਧੀ ਵਿਦਿਆਰਥੀਆਂ ਅਤੇ ਸੁਆਣੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਜਿਸ ਵਿੱਚ ਵੱਖ—ਵੱਖ ਫਲ਼ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਉਕਤ ਫਲ਼ ਪਦਾਰਥਾਂ ਵਿੱਚ ਕਿਸੇ ਵੀ ਕਿਸਮ ਦਾ ਕੈਮੀਕਲ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਵੇ, ਨਹੀਂ ਵਰਤਿਆ ਜਾਂਦਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਕੋਲਡ ਡਰਿੰਕ ਦੀ ਥਾਂ ਤੇ ਵੱਧ ਤੋਂ ਵੱਧ ਸੁਕੈਸ਼ ਦੀ ਵਰਤੋ ਕਰਨੀ ਚਾਹੀਦੀ ਹੈ, ਜੋ ਕਿ ਨਾ ਸਿਰਫ਼ ਚੰਗੀ ਅਤੇ ਨਿਰੋਈ ਸਿਹਤ ਲਈ ਫ਼ਾਇਦੇਮੰਦ ਹੈ ਸਗੋਂ ਕੋਲਡ ਡਰਿੰਕ ਨਾਲੋਂ ਸਸਤੀ ਵੀ ਪੈਂਦੀ ਹੈ।