Punjab-ChandigarhTop NewsUncategorized

ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਵਸਨੀਕਾਂ ਦੀ ਮਦਦ ਲਈ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ

ਪਟਿਆਲਾ, 12 ਜੁਲਾਈ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਅੱਜ ਸਮਾਣਾ ਹਲਕੇ ਦੇ ਪ੍ਰਭਾਵਿਤ ਪਿੰਡਾਂ ਧਰਮਹੇੜੀ, ਘਿਊਰਾ, ਕਮਾਸਪੁਰ, ਧਨੌਰੀ, ਨਵਾਂ ਗਾਊ, ਬੀਬੀਪੁਰ, ਗਾਜੀਸਲਾਰ, ਰਾਜਲਾ, ਡਰੌਲਾ, ਡਰੌਲੀ, ਭਾਨਰਾ, ਭਾਨਰੀ, ਮੈਣ, ਸੱਸਾ ਗੁੱਜਰਾਂ, ਸੱਸਾ ਥੇਹ, ਮਾਂਗਟਾਂ, ਸਮਸਪੁਰ ਆਦਿ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਪੁੱਜੇ।
ਇਸ ਮੌਕੇ ਜੋੜਾਮਾਜਰਾ ਨੇ ਇਨ੍ਹਾਂ ਪਿੰਡਾਂ ਦੇ ਵਾਸੀਆਂ ਨਾਲ ਗੱਲਬਾਤ ਕਰਕੇ ਇੱਥੇ ਲੋੜੀਂਦੀਆਂ ਕਿਸ਼ਤੀਆਂ ਤੇ ਹੋਰ ਰਾਹਤ ਸਮੱਗਰੀ ਭਿਜਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਾਲ ਹੀ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਪਾਣੀ ਦੀ ਆਮਦ ਕਰਕੇ ਸੁਰੱਖਿਅਤ ਥਾਂਵਾਂ ਉਤੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਪੀਲ ’ਤੇ ਜ਼ਰੂਰ ਅਮਲ ਕਰਨ।ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਠਹਿਰਾਉ ਦੇ ਪਬ੍ਰੰਧ ਕੀਤੇ ਗਏ ਹਨ ਤੇ ਹੋਰ ਵੀ ਲੋੜੀਂਦੀ ਰਾਹਤ ਸਮੱਗਰੀ ਪੁੱਜਦੀ ਕਰਵਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਉਹ ਆਪ ਖੁਦ ਸੰਕਟ ਦੀ ਇਸ ਘੜੀ ਵਿੱਚ ਆਪਣੇ ਹਲਕੇ ਦੇ ਪਾਣੀ ਦੇ ਤੇਜ਼ ਵਹਾਅ ਤੋਂ ਪ੍ਰਭਾਵਿਤ 50 ਤੋਂ ਵਧੇਰੇ ਪਿੰਡਾਂ ਦੇ ਲੋਕਾਂ ਦੇ ਨਾਲ ਖੜ੍ਹੇ ਹਨ।
ਜੌੜਾਮਾਜਰਾ ਨੇ ਹਰਿਆਣਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਹਰਿਆਣਾ ਵੱਲੋਂ ਹਾਂਸੀ ਬੁਟਾਣਾ ਨਹਿਰ ਦੇ ਹੇਠਾਂ ਧਰਮੇੜੀ ਤੋਂ ਅੱਗੇ ਜਾ ਕੇ ਹਰਿਆਣਾ ਦੇ ਪਿੰਡ ਸਰੋਲਾ ਘੱਗਰ ਸਾਇਫਨ ਦੀ ਸਫਾਈ ਨਾ ਕਰਵਾਏ ਜਾਣ ਕਰਕੇ ਡਾਫ਼ ਲੱਗੀ ਹੈ, ਜਿਸ ਨਾਲ ਇਸ ਇਲਾਕੇ ਦੇ ਪਿੰਡ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਕੈਥਲ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਕਰਕੇ ਰੋਪੜ ਤੋਂ ਇਲਾਵਾ, ਡੇਰਾਬਸੀ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ, ਨਾਭਾ ਸਮੇਤ ਸੰਗਰੂਰ ਵਿੱਚੋਂ ਲੰਘਦੇ ਘੱਗਰ ਤੇ ਹੋਰ ਨਦੀਆਂ ਵਿਚ ਆਏ ਬੇਹਿਸਾਬੇ ਪਾਣੀ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੇਵ ਸਿੰਘ ਟਿਵਾਣਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ ਤੇ ਅਮਰਦੀਪ ਸਿੰਘ ਸੋਨੂੰ ਥਿੰਦ, ਮਨਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
******

Spread the love

Leave a Reply

Your email address will not be published. Required fields are marked *

Back to top button