ਡਿਪਟੀ ਕਮਿਸ਼ਨਰ ਵੱਲੋਂ ਤੀਜੇ ਪੜਾਅ ਤਹਿਤ ਨਵੇਂ ਬਣਨ ਵਾਲੇ 14 ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ
ਪਟਿਆਲਾ, 22 ਅਪ੍ਰੈਲ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਤੀਜੇ ਪੜਾਅ ਤਹਿਤ ਪਟਿਆਲਾ ਵਿਖੇ ਨਵੇਂ ਹੋਰ ਸਥਾਪਤ ਕੀਤੇ ਜਾ ਰਹੇ 14 ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੇਣ ਲਈ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਨੂੰ ਪਟਿਆਲਾ ਵਿਖੇ ਸਫ਼ਲ ਬਨਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਧਾਇਕ ਪਟਿਆਲਾ ਸ਼ਹਿਰੀ ਸ. ਅਜੀਤ ਪਾਲ ਸਿੰਘ ਕੋਹਲੀ ਯਤਨਸ਼ੀਲ ਹਨ।
ਡਿਪਟੀ ਕਮਿਸ਼ਨਰ ਨੇ ਪਾਸੀ ਰੋਡ ‘ਤੇ ਸਥਿਤ ਬਾਬਾ ਜੀਵਨ ਸਿੰਘ ਬਸਤੀ, ਵੱਡਾ ਅਰਾਈ ਮਾਜਰਾ, ਸੱਤਿਆ ਇਨਕਲੇਵ, ਅਬਲੋਵਾਲ, ਪੁਰਾਣੀ ਕਬਾੜੀ ਮਾਰਕੀਟ ਚਾਂਦਨੀ ਚੌਂਕ, ਬਿਸ਼ਨ ਨਗਰ ਰੈਡ ਕਰਾਸ ਇਮਾਰਤ, ਤਫੱਜ਼ਲਪੁਰਾ ਦਾ ਸੇਵਾ ਕੇਂਦਰ, ਉਪਕਾਰ ਨਗਰ, ਅਨੰਦ ਨਗਰ-ਬੀ ਗਲੀ ਨੰਬਰ 32, ਸਿੱਧੂਵਾਲ, ਟਿਵਾਣਾ ਚੌਂਕ ਨੇੜੇ ਬਾਬੂ ਸਿੰਘ ਕਲੋਨੀ, ਅਰਬਨ ਅਸਟੇਟ ਫੇਜ਼-2 ਨੇੜੇ ਪਾਰਕਿਗ, ਬਸ ਸਟਾਪ ਪਾਰਕਿੰਗ ਨੇੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਸਨੌਰ ਹਲਕੇ ‘ਚ ਫੋਕਲ ਪੁਆਇੰਟ ਨੇੜੇ ਫਾਰਿ ਦਫ਼ਤਰ ਸਨੌਰ ਵਿਖੇ ਨਵੇਂ ਬਣ ਰਹੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਤੇ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਪਟਿਆਲਾ ਵਿਖੇ 13 ਤੇ ਇੱਕ ਸਨੌਰ ਵਿਖੇ ਬਣਨ ਵਾਲੇ ਆਮ ਆਦਮੀ ਕਲੀਨਿਕ ਚਾਲੂ ਹੋਣ ਨਾਲ ਲੋਕਾਂ ਨੂੰ ਇਲਾਜ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀ ਪਵੇਗੀ, ਜਿਸ ਨਾਲ ਵੱਡੇ ਹਸਪਤਾਲਾਂ ‘ਤੇ ਵੀ ਮਰੀਜਾਂ ਦਾ ਬੋਝ ਘਟੇਗਾ। ਇਹਨਾਂ ਕਲੀਨਿਕਾਂ ‘ਚ ਮੁਫਤ ਸਿਹਤ ਜਾਂਚ ਸਮੇਤ 41 ਤਰਾਂ ਦੇ ਲੋੜੀਂਦੇ ਲੈਬ ਟੈਸਟ ਤੇ 96 ਤਰ੍ਹਾਂ ਦੀਆਂ ਦਵਾਈਆਂ ਵੀ ਮੁਫ਼ਤ ਮਿਲਣਗੀਆਂ।
ਇਸ ਮੌਕੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ, ਸਿਵਲ ਸਰਜਨ ਡਾ. ਰਮਿੰਦਰ ਕੌਰ, ਐਸ.ਐਮ.ਓ ਡਾ. ਵਿਕਾਸ ਗੋਇਲ ਸਮੇਤ ਲੋਕ ਨਿਰਮਾਣ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।