ਜਲ ਸਰੋਤ ਵਿਭਾਗ ਵਿਚਲੀਆਂ ਵੱਖ—ਵੱਖ ਕੈਟਾਗਰੀਜ਼ ਦੀ ਅਸਾਮੀਆਂ ਖਤਮ ਕਰਨ ਤੇ ਮੰਗਾਂ ਨੂੰ ਲੈ ਕੇ ਕੀਤੀ ਰੋਸ ਰੈਲੀ ?

ਪਟਿਆਲਾ 09 ਮਈ : ਪੰਜਾਬ ਸਰਕਾਰ ਵਲੋਂ ਪੜਾਅਵਾਰ ਜਲ ਸਰੋਤ (ਸਿੰਚਾਈ) ਵਿਭਾਗ ਦੇ ਪੁਨਗਰਠਨ ਨਾ ਤੇ ਵੱਖ—ਵੱਖ ਵਰਗਾਂ ਦੀਆਂ ਅਸਾਮੀਆਂ ਨੂੰ ਡਾਇੰਗ ਕੇਡਰ ਵਿੱਚ ਪਾਕੇ ਖਤਮ ਕਰਨ ਦੇ ਫੈਸਲਿਆਂ ਵਿਰੁੱਧ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਵਿਭਾਗ ਦੇ “ਆਈ.ਬੀ. ਕੰਪਲੈਕਸ” ਵਿਖੇ ਰੋਸ ਰੈਲੀ ਕੀਤੀ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਸੂਰਜ ਪਾਲ ਯਾਦਵ ਨੇ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਵਿਭਾਗ ਦੀ ਮੇਨ ਪਾਵਰ ਨੂੰ ਖੋਰਾ ਲਗਾਉਣ ਕਰਕੇ ਵਿਭਾਗ ਦਾ 35 ਫੀਸਦੀ ਮੁਲਾਜਮ ਘਟਿਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਚੌਥਾਂ ਦਰਜਾ ਮੁਲਾਜਮਾਂ ਦੀ ਪਰਮੋਸ਼ਨਾਂ ਦੇ ਮੌਕੇ ਬੰਦ ਕਰ ਦਿੱਤੇ ਹਨ, ਇਸ ਵਰਗ ਦੀ ਪਿਛਲੇ ਵੀਹ ਸਾਲਾਂ ਤੋਂ ਕੋਈ ਵੀ ਨਵੀਂ ਭਰਤੀ ਨਹੀ ਕੀਤੀ ਗਈ ਅਤੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਗਰਮ ਅਤੇ ਠੰਡੀਆਂ ਵਰਦੀਆਂ ਨਹੀਂ ਦਿੱਤੀਆਂ ਗਈਆਂ, ਕਰਮਚਾਰੀ ਦੇ ਸੇਵਾ ਨਿਵਰਤ ਤੋਂ ਬਾਅਦ ਕੋਈ ਵੀ ਰਿਪਲੇਸਮੈਂਟ ਨਹੀਂ ਕੀਤੀ ਜਾ ਰਹੀ। ਇਹਨਾ ਆਗੂਆਂ ਨੇ ਕਿਹਾ ਕਿ ਪ੍ਰਮੁੱਖ ਸਕੱਤਰ ਸਾਰੇ ਨਿਯਮਾਂ/ਅਸੂਲਾਂ ਨੂੰ ਛਿੱਕੇ ਟੰਗ ਕੇ ਵੱਖ—ਵੱਖ ਕੈਟਾਗਰੀਜ਼ ਦੀਆਂ ਬਦਲੀਆਂ ਆਪਣੇ ਦਸਖਤਾਂ ਹੇਠ ਕਰ ਰਹੇ ਹਨ। ਜਦੋਂ ਕਿ ਨਿਯਮਾਂ ਅਨੁਸਾਰ ਇਹ ਤਾਕਤਾਂ ਮੁੱਖ ਇੰਜੀਨੀਅਰ, ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਪਾਸ ਹਨ। ਇਸ ਤਰ੍ਹਾਂ ਵੱਡੇ ਪੱਧਰ ਤੇ ਵਿਭਾਗ ਦੀ ਤੋੜ ਭੰਨ ਵੀ ਕੀਤੀ ਗਈ ਹੈ।
ਰੈਲੀ ਉਪਰੰਤ ਮੁਲਾਜਮਾਂ ਨੇ ਮਜਦੂਰ ਦਿਹਾੜੇ ਨੂੰ ਸਮਰਪਿਤ ਝੰਡਾ ਵੀ ਲਹਿਰਾਇਆ ਗਿਆ ਤੇ ਨਹਿਰ ਮੰਡਲ ਨਾਲ ਸਬੰਧਤ ਮੰਗਾਂ ਪੂਰੀਆਂ ਨਾ ਹੋਣ ਤੇ ਮੁਲਾਜਮਾਂ ਨਾਲ ਕੀਤੇ ਜਾਂਦੇ ਵਿਤਕਰੇ ਦਾ ਵੀ ਨੋਟਿਸ ਲਿਆ ਗਿਆ ਅਤੇ ਗੇਜ ਰੀਡਰ ਬਲਜੀਤ ਸਿੰਘ ਦੇ ਆਪਣੇ ਇਲਾਜ ਦਾ ਬਿੱਲ 1,43,757/— ਰੁਪਏ ਦਾ ਵੀ ਸਾਲ 2018 ਤੋਂ ਅਦਾਇਗੀ ਨਾ ਕਰਨ ਤੇ ਵੀ ਰੋਸ ਪ੍ਰਗਟ ਕੀਤਾ ਗਿਆ ਤੇ ਸਰਾਰਤੀ ਅਨਸਰਾਂ ਵਲੋਂ ਅਸਲੀਲ ਸ਼ਿਕਾਇਤਾਂ ਕਰਨ ਦੀ ਵੀ ਸਖਤ ਨਿੰਦਾ ਕੀਤੀ ਗਈ ਅਤੇ ਅਗਲਾ ਐਕਸ਼ਨ ਮੰਡਲ ਦਫਤਰ ਅੱਗੇ ਭੁੱਖ ਹੜਤਾਲ ਕਰਕੇ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਹੋਰ ਆਗੂ ਮੌਜੂਦ ਸਨ ਉਹਨਾ ਵਿੱਚ ਸਰਵ ਸ੍ਰੀ ਪ੍ਰੀਤਮ ਚੰਦ, ਨਾਰੰਗ ਸਿੰਘ, ਰਾਮ ਲਾਲ ਰਾਮਾ, ਬਲਬੀਰ ਸਿੰਘ, ਤਰਲੋਚਨ ਮਾੜੂ, ਸ਼ਾਮ ਸਿੰਘ, ਕਿਰਨ ਪਾਲ, ਉਂਕਾਰ ਸਿੰਘ, ਅਮਰ ਨਾਥ ਨਰੜੂ, ਕੁਲਵਿੰਦਰ ਸਿੰਘ, ਤਰਲੋਚਨ ਮੰਡੋਲੀ, ਪ੍ਰਕਾਸ਼ ਲੁਬਾਣਾ, ਰਵਿੰਦਰ ਸਿੰਘ ਸੈਣੀ, ਹਰਬੰਸ ਸਿੰਘ, ਰਾਜਵੰਤ ਕੌਰ, ਸ਼ਿਵ ਚਰਨ, ਸਤਨਾਮ ਸਿੰਘ, ਅਨਿਲ ਗਾਗਟ, ਬਲਜਿੰਦਰ ਨਾਭਾ ਆਦਿ ਹਾਜਰ ਸਨ।