ਵਰਲਡ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਦੌਰਾਨ ਵੱਖ-ਵੱਖ ਕੈਂਪ ਲਗਾ ਕੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮਾਂ ਦਾ ਆਯੋਜਨ
Ajay Verma ( The Mirror Time )
Fatehgarh Sahib
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦੀ ਸਭਾ ਮੌਕੇ ਵੱਖ-ਵੱਖ ਸੇਵਾ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਯੂਨੀਵਰਸਿਟੀ ਦੇ ਲੋਕ ਸੰਪਰਕ ਦਫ਼ਤਰ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਅਜਾਇਬ ਸਿੰਘ ਬਰਾੜ, ਯੂਨੀਵਰਸਿਟੀ ਦੇ ਟਰੱਸਟ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਵਾਈਸ ਚਾਂਸਲਰ ਡਾ: ਪ੍ਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ: ਐੱਸ.ਐੱਸ.ਬਿਲਿੰਗ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਡਾ: ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ, ਸਿੱਖਿਆ ਦੇ ਉਦੇਸ਼ ਅਤੇ ਗੁਰੂਆਂ ਦੇ ਪਵਿੱਤਰ ਸੰਦੇਸ਼ ਨੂੰ ਨੌਜਵਾਨਾਂ ਵਿੱਚ ਫੈਲਾਉਣ ਲਈ ਪੂਰੀ ਤਨਦੇਹੀ ਨਾਲ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਰਬੱਤ ਦਾ ਭਲਾ ਅਤੇ ਖਾਸ ਕਰਕੇ ਲੋੜਵੰਦਾਂ ਅਤੇ ਗਰੀਬਾਂ ਦੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਆਦੇਸ਼ ਦੇ ਨਾਲ, ਯੂਨੀਵਰਸਿਟੀ ਦਾ ਫੋਕਸ ਹਰੇਕ ਵਿਦਿਆਰਥੀ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ। ਉਹਨਾ ਕਿਹਾ ਕਿ ਉਹਨਾ ਨੂੰ ਯਕੀਨ ਹੈ ਕਿ ਯੂਨੀਵਰਸਿਟੀ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਰੂੜੀਵਾਦੀ ਸੋਚ ਨੂੰ ਤੋੜ ਕੇ ਆਉਣ ਵਾਲੇ ਸਮੇਂ ਵਿੱਚ ਲੋੜੀਂਦੀ ਸਮਾਜਿਕ ਤਬਦੀਲੀ ਲਿਆਉਣ ਵਿੱਚ ਕਾਮਯਾਬ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਵਿੱਚ 2500 ਤੋਂ ਵੱਧ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਪੜ੍ਹ ਰਹੇ ਹਨ, ਇਸ ਤੋਂ ਇਲਾਵਾ ਯੂਨੀਵਰਸਿਟੀ ਹੋਣਹਾਰ ਵਿਦਿਆਰਥੀਆਂ ਨੂੰ ਕਰੋੜਾਂ ਰੁਪਏ ਦੇ ਵਜ਼ੀਫੇ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਸਾਲ ਇੱਕ ਪਾਸੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਉਮੀਦ ਤੋਂ ਵੱਧ ਦਾਖ਼ਲੇ ਲਏ ਗਏ ਹਨ ਅਤੇ ਦੂਜੇ ਪਾਸੇ ਅੱਵਲ ਰਹੇ ਵਿਦਿਆਰਥੀਆਂ ਨੇ ਇੱਥੇ ਦਾਖ਼ਲਾ ਲਿਆ ਹੈ। ਉਨ੍ਹਾਂ ਇਸ ਦਾ ਸਿਹਰਾ ਯੂਨੀਵਰਸਿਟੀ ਵਿੱਚ ਉੱਚ ਅਧਿਆਪਨ ਗੁਣਵੱਤਾ ਅਤੇ ਅਨੁਸ਼ਾਸਨ ਨੂੰ ਦਿੱਤਾ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪ੍ਰਿਤ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭਾ ਦੌਰਾਨ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਇੰਗਲੈਂਡ ਵੱਲੋਂ ਵਰਲਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ। ਡਾਕਟਰ ਕੈਂਸਰ ਦੇ ਲੱਛਣਾਂ ਅਤੇ ਬਚਾਅ ਦੇ ਉਪਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਇਸ ਤੋਂ ਇਲਾਵਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ, ਮੁਫ਼ਤ ਫਿਜ਼ੀਓਥੈਰੇਪੀ ਅਤੇ ਹੋਮਿਓਪੈਥੀ ਕੈਂਪ, ਪੁਸਤਕ ਪ੍ਰਦਰਸ਼ਨੀ, ਦਸਤਾਰ ਸਿਖਲਾਈ ਕੈਂਪ ਅਤੇ ਧਾਰਮਿਕ ਦਸਤਾਵੇਜ਼ੀ ਫ਼ਿਲਮਾਂ ਦੀ ਸਕਰੀਨਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਪ੍ਰਸਾਰ ਸਮਾਜਿਕ ਤਬਦੀਲੀ ਲਿਆਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਸੇ ਨਜ਼ਰੀਏ ਨਾਲ ਯੂਨੀਵਰਸਿਟੀ ਵੱਲੋਂ ਇਸ ਸਾਲ ਵੱਡੇ ਪੱਧਰ ’ਤੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਤੀਹ ਤੋਂ ਵੱਧ ਪ੍ਰਕਾਸ਼ਕ ਭਾਗ ਲੈਣਗੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਟਾਫ਼ ਬੜੀ ਹੀ ਸਮਰਪਿਤ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਯੂਨੀਵਰਸਿਟੀ ਦੇ ਮੰਤਵਾਂ ‘ਤੇ ਚਰਚਾ ਕਰਦਿਆਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਯੂਨੀਵਰਸਿਟੀ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਉਹ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਤੋਂ ਸੇਧ ਲੈ ਸਕਣ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਸਫਲਤਾ ਦੇ ਸਿਖਰ ‘ਤੇ ਲਿਜਾਣਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਨਾਂ ਆਪਣੇ ਆਪ ਵਿੱਚ ਹੀ ਹਰ ਸਿੱਖ ਨੂੰ ਅਪਣੇ ਨਾਲ ਜੋੜਦਾ ਹੈ ਅਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਯੂਨੀਵਰਸਿਟੀ ਦੇ ਵਿਕਾਸ ਵਿੱਚ ਯੋਗਦਾਨ ਪਾਵੇ। ਉਨ੍ਹਾਂ ਨੇ ਸਰਕਾਰ ਦੀ ਵਜ਼ੀਫ਼ਾ ਰਾਸ਼ੀ ਨੂੰ ਕਲੀਅਰ ਕਰਨ ਵਿੱਚ ਉਦਾਸੀਨਤਾ ਤੇ ਦੁੱਖ ਪ੍ਰਗਟਾਇਆ। ਉਹਨਾਂ ਦੱਸਿਆ ਕਿ 10 ਕਰੋੜ ਦੀ ਰਾਸ਼ੀ ਸਰਕਾਰ ਵਲੋਂ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਯੂਨੀਵਰਸਿਟੀ ਨੂੰ ਮਨੁੱਖਤਾ ਦੀ ਸੇਵਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਵਰਸਿਟੀ ਨਾ ਸਿਰਫ਼ ਕਾਬਲ ਪੇਸ਼ੇਵਰਾਂ ਦੇ ਰੂਪ ਵਿੱਚ ਸਗੋਂ ਇਮਾਨਦਾਰ, ਦਿਆਲੂ ਅਤੇ ਮਿਹਨਤੀ ਮਨੁੱਖਾਂ ਦੇ ਰੂਪ ਵਿੱਚ ਨੌਜਵਾਨ ਨੂੰ ਤਿਆਰ ਕਰ ਰਹੀ ਹੈ।
ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ: ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਇਹ ਸਮਾਗਮ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਡਾ: ਸਿਕੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ | ਫਿਜ਼ੀਓਥੈਰੇਪੀ ਵਿਭਾਗ ਦੇ ਇੰਚਾਰਜ ਡਾ: ਪੰਕਜਪ੍ਰੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਨੇ 2014 ਵਿੱਚ ਸ਼ਹੀਦੀ ਸਭਾ ਦੌਰਾਨ ਮੈਡੀਕਲ ਅਤੇ ਫਿਜ਼ੀਓਥੈਰੇਪੀ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਇਹ ਪਰੰਪਰਾ ਜਾਰੀ ਹੈ। ਹਰ ਸਾਲ 3000 ਦੇ ਕਰੀਬ ਮਰੀਜ਼ ਇਨ੍ਹਾਂ ਕੈਂਪਾਂ ਤੋਂ ਲਾਭ ਉਠਾਉਂਦੇ ਹਨ। ਧਾਰਮਿਕ ਅਧਿਐਨ ਦੇ ਸਹਾਇਕ ਪ੍ਰੋਫੈਸਰ ਡਾ: ਹਰਦੇਵ ਸਿੰਘ ਨੇ ਪੁਸਤਕ ਕੈਂਪ ਦੇ ਵੇਰਵੇ ਸਾਂਝੇ ਕਰਦਿਆਂ ਆਸ ਪ੍ਰਗਟਾਈ ਕਿ ਇਹ ਪੁਸਤਕ ਕੈਂਪ ਨਵੀ ਪੀੜ੍ਹੀ ਨੂੰ ਸਿੱਖਿਆ ਨਾਲ ਜੋੜਨ ਵਿੱਚ ਸਫ਼ਲ ਸਿੱਧ ਹੋਵੇਗਾ।