Punjab-ChandigarhTop News

ਡੇਅਰੀ ਵਿਕਾਸ ਵਿਭਾਗ ਨੇ ਪਿੰਡ ਗਾਜੇਵਾਸ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਪਟਿਆਲਾ, 20 ਦਸੰਬਰ:
  ਡੇਅਰੀ ਵਿਕਾਸ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡੇਅਰੀ ਵਨੀਤ ਕੁਮਾਰ ਦੀ ਅਗਵਾਈ ਵਿੱਚ ਅੱਜ ਪਿੰਡ ਗਾਜੇਵਾਸ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਖਰੀਦ ਮੈਨੇਜਰ ਮਿਲਕਫੈੱਡ (ਸੇਵਾਮੁਕਤ) ਦਰਸ਼ਨ ਸਿੰਘ ਸਿੱਧੂ ਵੱਲੋਂ ਦੁੱਧ ਦੀ ਫੈਟ, ਐਸ.ਐਨ.ਐੱਫ਼ ਦੇ ਘਟਣ ਵਧਣ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਤੋਂ ਇਲਾਵਾ ਦੁੱਧ ਤੋਂ ਪਦਾਰਥ ਬਣਾਉਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
ਡੇਅਰੀ ਵਿਕਾਸ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਅਗਾਂਹਵਧੂ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਜਿਵੇਂ ਡੀ.ਡੀ-8 ਸਕੀਮ ਅਧੀਨ ਪਸ਼ੂਆਂ ‘ਤੇ ਸਬਸਿਡੀ, ਮਿਲਕਿੰਗ ਮਸ਼ੀਨ, ਸਾਇਲੇਜ਼ ਬੇਲਰ ਮਸ਼ੀਨਾਂ ‘ਤੇ ਦਿੱਤੀ ਜਾਂਦੀ ਸਬਸਿਡੀ ਬਾਰੇ ਦੁੱਧ ਉਤਪਾਦਕਾਂ ਨੂੰ ਜਾਣੂ ਕਰਵਾਇਆ ਗਿਆ।
ਵੈਟਰਨਰੀ ਅਫ਼ਸਰ, ਪਸ਼ੂ ਪਾਲਣ ਡਾ. ਪਰਮਿੰਦਰ ਕੁਮਾਰ ਨੇ ਪਸ਼ੂਆਂ ਦੀ ਬਿਮਾਰੀਆਂ ਦੀ ਰੋਕਥਾਮ ਅਤੇ ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ। ਡੇਅਰੀ ਵਿਕਾਸ ਇੰਸਪੈਕਟਰ ਲਖਮੀਰ ਸਿੰਘ ਵੱਲੋਂ ਸਾਫ਼ ਦੁੱਧ ਦੀ ਪੈਦਾਵਾਰ ਅਤੇ ਕੈਟਲਸ਼ੈੱਡ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੈਂਪ ਦਾ ਇੰਤਜ਼ਾਮ ਕੀਤਾ ਗਿਆ।
ਇਸ ਮੌਕੇ ਪਿੰਡ ਗਾਜੇਵਾਸ ਦੇ ਮੁਹਤਬਰ ਵਿਅਕਤੀਆਂ ਨੇ ਡੇਅਰੀ ਵਿਕਾਸ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਦੁੱਧ ਉਤਪਾਦਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ।

Spread the love

Leave a Reply

Your email address will not be published. Required fields are marked *

Back to top button