ਪੰਚਾਇਤੀ ਫੰਡਾਂ ਚ ਗਬਨ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਮੁਕੱਦਮਾ ਦਰਜ, ਸਾਬਕਾ ਸਰਪੰਚ ਗ੍ਰਿਫਤਾਰ
ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਨੰਨਗੋ ਤੇ ਇਕ ਪ੍ਰਾਇਵੇਟ ਵਿਅਕਤੀ ਗ੍ਰਿਫਤਾਰ
ਚੰਡੀਗੜ, 22 ਸਤੰਬਰ :
ਸੂਬੇ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਾਮ ਪੰਚਾਇਤ ਸਠਿਆਲੀ, ਜਿਲਾ ਗੁਰਦਾਸਪੁਰ ਦੇ ਫੰਡਾਂ ਵਿਚ ਗਬਨ ਕਰਨ ਦੇ ਦੋਸ਼ਾਂ ਤਹਿਤ ਸਾਬਕਾ ਸਰਪੰਚ ਅਤੇ ਪੰਚਾਇਤ ਸਕੱਤਰ, ਬਲਾਕ ਕਾਹਨੂੰਵਾਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਤਨਾਮ ਸਿੰਘ ਸਾਬਕਾ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸੇ ਦੌਰਾਨ ਇਕ ਵੱਖਰੇ ਕੇਸ ਵਿਚ ਵਿਜੀਲੈਸ ਵਲੋਂ ਬਲਜਿੰਦਰ ਕੁਮਾਰ ਕਾਨੰਨਗੋ ਤਹਿਸੀਲ ਖਮਾਣੋ ਅਤੇ ਉਸ ਦੇ ਵਿਚੋਲੇ ਇਕ ਪ੍ਰਾਇਵੇਟ ਵਿਅਕਤੀ ਸਤਪਾਲ ਸਿੰਘ ਸੱਤਾ ਵਾਸੀ ਭੈਣੀਕਲਾਂ, ਜਿਲਾ ਫਤਹਿਗੜ ਸਾਹਿਬ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਕੀਤੀ ਪੜਤਾਲ ਦੌਰਾਨ ਜਾਂਚ ਵਿਚ ਪਾਇਆ ਗਿਆ ਕਿ ਸਾਲ 2013 ਤੋਂ ਸਾਲ 2018 ਤੱਕ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਸਠਿਆਲੀ ਦੇ ਵਿਕਾਸ ਕੰਮਾਂ ਲਈ ਪ੍ਰਾਪਤ ਹੋਈ ਗ੍ਰਾਂਟ ਅਤੇ ਪੰਚਾਇਤ ਦੇ ਫੰਡਾਂ ਦੀ ਰਕਮ ਵਿੱਚੋਂ 20,08,602 ਰੁਪਏ ਦਾ ਗਬਨ ਕੀਤਾ ਗਿਆ। ਜਿਸ ਕਰਕੇ ਉਕਤ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਦੋਸ਼ੀਆਨ ਸਤਨਾਮ ਸਿੰਘ ਸਾਬਕਾ ਸਰਪੰਚ, ਪਿੰਡ ਸਠਿਆਲੀ ਅਤੇ ਸੁਖਦੇਵ ਸਿੰਘ ਪੰਚਾਇਤ ਸਕੱਤਰ, ਬਲਾਕ ਕਾਹਨੂੰਵਾਨ, ਜਿਲਾ ਗੁਰਦਾਸਪੁਰ ਖਿਲਾਫ ਮੁਕੱਦਮਾ ਨੰਬਰ 18, ਮਿਤੀ 21.09.2022, ਜੁਰਮ ਅਧੀਨ ਧਾਰਾ 409, 120-ਬੀ ਆਈ.ਪੀ.ਸੀ ਅਤੇ ਧਾਰਾ 13(1)(ਏ) ਤੇ 13(2) ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।
ਬੁਲਾਰੇ ਨੇ ਦੱਸਿਆ ਕਿ ਇੱਕ ਵੱਖਰੇ ਕੇਸ ਵਿੱਚ ਸ਼ਿਕਾਇਤਕਰਤਾ ਜਰਨੈਲ ਸਿੰਘ ਨੇ ਵਿਜੀਲੈਂਸ ਦੀ ਟੋਲ ਫਰੀ ਹੈਲਪਲਾਈਨ ਉਪਰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਬਲਜਿੰਦਰ ਕੁਮਾਰ ਕਾਨੂੰਗੋ ਵਲੋਂ ਆਪਣੇ ਨਾਲ ਰੱਖੇ ਗਏ ਪ੍ਰਾਈਵੇਟ ਕਰਿੰਦੇ ਸਤਪਾਲ ਸਿੰਘ ਸੱਤਾ ਰਾਹੀਂ ਪਿੰਡ ਬਿਲਾਸਪੁਰ ਵਿਖੇ ਖਰੀਦ ਕੀਤੀ ਗਈ ਜਮੀਨ ਦੀ ਤਕਸੀਮ ਕਰਾਉਣ ਅਤੇ ਮਿਣਤੀ ਕਰਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਕਿ ਉਕਤ ਕਾਨੂੰਗੋ ਪਹਿਲਾਂ ਹੀ ਉਸ ਕੋਲੋਂ 3000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਆਪਣੇ ਕਰਿੰਦੇ ਰਾਹੀਂ 10,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਉਨਾਂ ਦੱਸਿਆ ਕਿ ਵਿਜੀਲੈਂਸ ਵਲੋਂ ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ ਤਹਿਤ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਵਿਖੇ ਮੁਕੱਦਮਾ ਦਰਜ ਕਰਕੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ।