ਐਫ.ਸੀ.ਆਈ. ਕਣਕ ਦੀ ਲਿਫਟਿੰਗ ਤੇਜ ਕਰਨ ਲਈ ਹੋਰ ਫ਼ੁਰਤੀ ਦਿਖਾਏ-ਸਾਕਸ਼ੀ ਸਾਹਨੀ
ਪਟਿਆਲਾ, 26 ਅਪ੍ਰੈਲ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਦੇ ਐਸ.ਡੀ.ਐਮਜ਼ ਤੋਂ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਤਾਜਾ ਸਥਿਤੀ ਜਾਣੀ। ਉਨ੍ਹਾਂ ਨੇ ਪੀਈਜੀ ਗੁਦਾਮਾਂ ‘ਚ ਕਣਕ ਦੀ ਸਟੋਰੇਜ ਦਾ ਜਾਇਜ਼ਾ ਲੈਂਦਿਆਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਜ਼ਿਲ੍ਹਾ ਮੈਨੇਜਰ ਨੂੰ ਕਣਕ ਦੀ ਚੁਕਾਈ ‘ਚ ਤੇਜੀ ਲਿਆਉਣ ਲਈ ਹੋਰ ਫੁਰਤੀ ਦਿਖਾਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼, ਡੀ.ਐਫ਼.ਐਸ.ਸੀ., ਡੀ.ਐਮ.ਓ. ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ‘ਚੋਂ ਖਰੀਦੀ ਕਣਕ ਦੀ 42 ਫੀਸਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਲਿਫਟਿੰਗ ਦਾ ਮਿਥਿਆ ਰੋਜ਼ਾਨਾ ਦਾ ਟੀਚਾ ਪੂਰਾ ਕਰਨ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਅਤੇ ਇਸ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ।
ਸਾਕਸ਼ੀ ਸਾਹਨੀ ਨੇ ਮੀਟਿੰਗ ਦੌਰਾਨ ਲੇਬਰ, ਟਰਾਂਸਪੋਰਟ, ਬਾਰਦਾਨੇ ਦਾ ਮੰਡੀਆਂ ਦੇ ਮੁਤਾਬਕ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਰਿਕਾਰਡ 8 ਲੱਖ 46 ਹਜ਼ਾਰ 414 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਇਸ ਵਿਚੋਂ 8 ਲੱਖ 46 ਹਜ਼ਾਰ 354 ਮੀਟ੍ਰਿਕ ਟਨ ਕਣਕ ਦੀ ਖਰੀਦ ਵੀ ਹੋ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਿਣਸ ਵੇਚਣ ਸਮੇਂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਅਤੇ ਉਨ੍ਹਾਂ ਨੂੰ ਅਦਾਇਗੀ ਵੀ ਨਾਲੋ-ਨਾਲ ਕਰਵਾਈ ਗਈ ਹੈ।
ਮੀਟਿੰਗ ‘ਚ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਐਸ.ਡੀ.ਐਮਜ਼, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਡਾ. ਰਵਿੰਦਰ ਕੌਰ ਸਮੇਤ ਸਾਰੀਆਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਵੀ ਮੌਜੂਦ ਸਨ।