ਜੀ.ਆਰ.ਪੀ. ਨੇ ਸਾਲ 2022 ’ਚ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੀਤੇ 438 ਮਾਮਲੇ, 640 ਗ੍ਰਿਫ਼ਤਾਰ : ਏ.ਡੀ.ਜੀ.ਪੀ. ਪ੍ਰਭਾ ਦਿਵੇਦੀ
ਰੇਲ ਗੱਡੀਆਂ ਵਿੱਚ ਡਕੈਤੀਆਂ/ਡਕੈਤੀਆਂ ਕਰਨ ਦੀ ਯੋਜਨਾ ਬਣਾ ਰਹੇ 10 ਗਰੋਹਾਂ ਦਾ ਪਰਦਾਫਾਸ਼ ਕੀਤਾ
Ajay Verma
The Mirror Time
ਪਟਿਆਲਾ, 11 ਜਨਵਰੀ:
ਸਾਲ 2022 ਦੌਰਾਨ ਗੌਰਮਿੰਟ ਰੇਲਵੇਜ਼ ਪੁਲਿਸ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਏਡੀਜੀਪੀ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਦੱਸਿਆ ਹੈ ਕਿ ਜੀ.ਆਰ.ਪੀ. ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੀ ਹੋਈ ਜਿੱਥੇ ਰੇਲ ਸਵਾਰੀਆਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅਤੇ ਡੀ.ਜੀ.ਪੀ ਗੌਰਵ ਯਾਦਵ ਦੀ ਅਗਵਾਈ ਹੇਠ ਆਪਣੇ ਅਧੀਨ ਖੇਤਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਵੀ ਵਚਨਬੱਧ ਹੈ।
ਏ.ਡੀ.ਜੀ.ਪੀ. ਨੇ ਸਾਲ 2022 ਦੌਰਾਨ ਜੀ.ਆਰ.ਪੀ. ਵੱਲੋਂ ਦਰਜ ਕੀਤੇ ਗਏ ਮਾਮਲਿਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੁਲ 438 ਮਾਮਲੇ ਦਰਜ ਕੀਤੇ ਗਏ ਜਦਕਿ ਸਥਾਨਕ ਅਤੇ ਵਿਸ਼ੇਸ਼ ਕਾਨੂੰਨਾਂ ਤਹਿਤ 267 ਕੇਸ ਦਰਜ ਕੀਤੇ ਗਏ ਅਤੇ ਕੁਲ 640 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ।
ਏ.ਡੀ.ਜੀ.ਪੀ. ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਐਨਡੀਪੀਐਸ ਐਕਟ ਦੇ ਕੇਸਾਂ ਤਹਿਤ ਰਿਕਵਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 104 ਮਾਮਲੇ ਦਰਜ ਕੀਤੇ ਗਏ ਅਤੇ 91 ਵਿਅਕਤੀ ਗ੍ਰਿਫਤਾਰ ਕੀਤੇ ਗਏ । ਇਨ੍ਹਾਂ ਮਾਮਲਿਆਂ ਵਿੱਚ 33.240 ਕਿਲੋਗ੍ਰਾਮ ਅਫ਼ੀਮ, 134.800 ਕਿਲੋਗ੍ਰਾਮ ਪੋਪੀ ਭੁੱਕੀ 05.370 ਕਿਲੋਗ੍ਰਾਮ ਚਰਸ, 212.980 ਕਿਲੋਗ੍ਰਾਮ ਗਾਂਜਾ, 49674 ਗੋਲੀਆਂ/ਕੈਪਸੂਲ ਅਤੇ 720 ਨਸ਼ੀਲੇ ਤਰਲ ਦੀਆਂ ਬੋਤਲਾਂ ਦੀ ਬਰਾਮਦਗੀ ਹੋਈ ਹੈ।
ਏ.ਡੀ.ਜੀ.ਪੀ. ਨੇ ਆਰਮਜ਼ ਐਕਟ ਦੇ ਕੇਸਾਂ ਤਹਿਤ ਰਿਕਵਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲ 29 ਕੇਸ ਦਰਜ ਕਰਕੇ 29 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਅਤੇ 3 ਪਿਸਤੌਲ, 01 ਰਿਵਾਲਵਰ ਸਮੇਤ 13 ਕਾਰਤੂਸ ਬਰਾਮਦ ਕੀਤੇ ਗਏ। ਜਦੋਂਕਿ 39 ਚਾਕੂ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ 120 ਮਾਮਲੇ ਆਬਕਾਰੀ ਐਕਟ ਤਹਿਤ ਦਰਜ ਕੀਤੇ ਗਏ ਅਤੇ 118 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਜੀ.ਆਰ.ਪੀ. ਦੀ ਮੁਸ਼ਤੈਦੀ ਦੇ ਚਲਦਿਆਂ ਰੇਲ ਗੱਡੀਆਂ ਵਿੱਚ ਡਕੈਤੀਆਂ/ਡਕੈਤੀਆਂ ਕਰਨ ਦੀ ਯੋਜਨਾ ਬਣਾ ਰਹੇ 10 ਗਰੋਹਾਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਤੋਂ ਇਲਾਵਾ 04 ਲਾਪਤਾ ਬੱਚਿਆਂ ਦੀ ਗੁੰਮਸ਼ੁਦਗੀ ਬਾਰੇ ਮਾਮਲੇ ਦਰਜ ਕੀਤੇ ਗਏ ਅਤੇ 02 ਅਜਿਹੇ ਬੱਚੇ ਬਰਾਮਦ ਵੀ ਕੀਤੇ ਗਏ। ਇਸ ਤੋਂ ਇਲਾਵਾ, ਲਗਭਗ 250 ਬੱਚੇ ਰੇਲਾਂ ਅਤੇ ਰੇਲਵੇ ਸਟੇਸ਼ਨਾਂ ਤੋਂ ਲੱਭੇ ਗਏ ਸਨ ਜੋ ਜਾਂ ਤਾਂ ਆਪਣੇ ਮਾਪਿਆਂ ਤੋਂ ਵਿਛੜੇ ਜਾਂ ਆਪਣੇ ਘਰਾਂ ਤੋਂ ਭੱਜੇ ਸਨ, ਜੀ.ਆਰ.ਪੀ. ਨੇ ਅਜਿਹੇ ਮਾਮਲਿਆਂ ਵਿੱਚ ਫੁਰਤੀ ਨਾਲ ਅਮਲ ਕਰਦਿਆਂ ਚਾਈਲਡ ਹੈਲਪ ਲਾਈਨ ਟੀਮਾਂ ਦੀ ਮਦਦ ਨਾਲ ਇਹ ਬੱਚੇ ਵਾਪਸ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤੇ ਹਨ।
ਏ.ਡੀ.ਜੀ.ਪੀ. ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਅੱਗੇ ਹੋਰ ਦੱਸਿਆ ਕਿ ਸਾਲ ਦੌਰਾਨ 84 ਭਗੌੜੇ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਵਿੱਚ 82 ਤੇ 83 ਸੀ.ਆਰ.ਪੀ.ਸੀ. ਦੀ ਧਾਰਾ ਤਹਿਤ 2 ਭਗੌੜੇ ਅਤੇ 82 ਭਗੌੜੇ 299 ਸੀ.ਆਰ.ਪੀ.ਸੀ. ਦੀ ਧਾਰਾ ਤਹਿਤ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸਾਲ 2022 ਦੌਰਾਨ ਚੋਰਾਂ ਤੇ ਡਕੈਤੀ ਕਰਨ ਦੇ ਮੁਜਰਮਾਂ ਕੋਲੋਂ 41 ਲੱਖ ਰੁਪਏ ਦੀ ਜਾਇਦਾਦ ਬਰਾਮਦ ਕੀਤੀ ਗਈ ਜਦਕਿ 10 ਗ੍ਰਾਮ ਸੋਨੇ ਤੋਂ ਇਲਾਵਾ 47 ਕਿਲੋ ਚਾਂਦੀ ਅਤੇ 23 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਐਨਡੀਪੀਐਸ ਐਕਟ ਦੇ 87 ਕੇਸਾਂ ਦੀਆਂ ਜਾਇਦਾਦਾਂ ਅਤੇ ਵੱਖ-ਵੱਖ ਕੇਸਾਂ ਵਿੱਚ ਬਰਾਮਦ 203 ਵਾਹਨਾਂ ਦਾ ਕਾਨੂੰਨ ਅਨੁਸਾਰ ਨਿਪਟਾਰਾ ਵੀ ਵੱਖਰੇ ਤੌਰ ਉਤੇ ਕੀਤਾ ਗਿਆ ਹੈ।