ਨਵੇਂ ਬੱਸ ਅੱਡੇ ‘ਚ ਪਾਰਕਿੰਗ ਤੇ ਥ੍ਰੀ ਵਹੀਲਰ ਲਈ ਵਿਸ਼ੇਸ਼ ਪ੍ਰਬੰਧ ਨੇ ਖੁਸ਼ ਕੀਤੇ ਯਾਤਰੀ
Suman ( TMT)
ਪਟਿਆਲਾ, 18 ਮਈ:
ਪਟਿਆਲਾ ਦਾ ਨਵਾਂ ਬੱਸ ਅੱਡਾ ਜਿਥੇ ਆਪਣੀ ਦਿੱਖ ਨਾਲ ਸਭਨਾਂ ਨੂੰ ਮੋਹ ਰਿਹਾ ਹੈ ਉਥੇ ਹੀ ਇਸ ‘ਚ ਮਿਲ ਰਹੀਆਂ ਸਹੂਲਤਾਂ ਵੀ ਯਾਤਰੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਅੱਜ ਪਹਿਲੇ ਦਿਨ ਬੱਸਾਂ ਦੀ ਆਮਦ ਨਾਲ ਨਵੇਂ ਬੱਸ ਅੱਡੇ ‘ਚ ਲੱਗੀਆਂ ਰੌਣਕਾਂ ਨਾਲ ਹੀ ਯਾਤਰੀਆਂ ਨੇ ਇਥੇ ਮਿਲ ਰਹੀਆਂ ਸਹੂਲਤਾਂ ਦੀ ਸਰਾਹਨਾ ਕੀਤੀ।
ਪਟਿਆਲਾ ਦੇ ਪਾਵਰ ਕਲੋਨੀ ਦੇ ਵਸਨੀਕ ਸਨੀ ਨੇ ਨਵੇਂ ਬੱਸ ਅੱਡੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਭ ਤੋਂ ਵੱਡੀ ਸਮੱਸਿਆ ਆਪਣੇ ਵਾਹਨ ਦੀ ਪਾਰਕਿੰਗ ਕਰਨ ਦੀ ਹੁੰਦੀ ਹੈ ਪਰ ਇਸ ਨਵੇਂ ਬੱਸ ਅੱਡੇ ਦੀ ਬੇਸਮੈਂਟ ‘ਚ ਪਾਰਕਿੰਗ ਹੈ ਜਿਸ ‘ਚ ਆਪਣਾ ਵਾਹਨ ਲਗਾ ਕੇ ਦੋ ਮਿੰਟ ‘ਚ ਹੀ ਬੱਸ ਟਰਮੀਨਲ ‘ਤੇ ਪਹੁੰਚ ਕੇ ਬੱਸ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਬੱਸ ਅੱਡੇ ‘ਚ ਪਾਰਕਿੰਗ ਦੀ ਸਮੱਸਿਆ ਰਹਿੰਦੀ ਹੈ ਤੇ ਜੇਕਰ ਪਾਰਕਿੰਗ ਮਿਲ ਜਾਵੇ ਤਾਂ ਬੱਸ ਅੱਡੇ ਤੋਂ ਦੂਰ ਹੁੰਦੀ ਹੈ ਪਰ ਇਸ ਨਵੇਂ ਅੱਡੇ ‘ਚ ਇਨ੍ਹਾਂ ਦੋਵੇਂ ਮੁਸ਼ਕਲਾਂ ਦਾ ਹੱਲ ਹੋਇਆ ਹੈ।
ਜ਼ਿਲ੍ਹਾ ਮਾਨਸਾ ਦੀ ਵਸਨੀਕ ਤੇ ਪਟਿਆਲਾ ਵਿਖੇ ਪੜ੍ਹਾਈ ਕਰ ਰਹੀ ਮਨਪ੍ਰੀਤ ਕੌਰ ਨੇ ਅੱਜ ਨਵੇਂ ਬੱਸ ਅੱਡੇ ‘ਤੇ ਉਤਰਨ ਤੋਂ ਬਾਅਦ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੱਸ ਅੱਡੇ ‘ਤੇ ਉਤਰਨ ‘ਤੇ ਹਵਾਈ ਅੱਡੇ ਜਿਹਾ ਅਹਿਸਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੇ ਇੰਸਟੀਚਿਊਟ ਤੱਕ ਜਾਣ ਲਈ ਥ੍ਰੀ ਵਹੀਲਰ ਬੱਸ ਅੱਡੇ ਤੋਂ ਬਾਹਰ ਜਾ ਕੇ ਲੈਣਾ ਪੈਂਦਾ ਸੀ ਪਰ ਹੁਣ ਬੱਸ ਅੱਡੇ ਦੇ ਅੰਦਰ ਹੀ ਥ੍ਰੀ ਵਹੀਲਰਾਂ ਲਈ ਵੱਖਰਾ ਰਸਤਾ ਰੱਖਿਆ ਗਿਆ ਹੈ ਜਿਸ ਨਾਲ ਸ਼ਹਿਰ ਅੰਦਰ ਜਾਣ ਲਈ ਹੁਣ ਥ੍ਰੀ ਵਹੀਲਰ ਬੱਸ ਅੱਡੇ ਦੇ ਅੰਦਰ ਤੋਂ ਹੀ ਮਿਲਣ ਲੱਗੇ ਹਨ।
ਜ਼ਿਕਰਯੋਗ ਹੈ ਕਿ ਨਵੇਂ ਬੱਸ ਅੱਡੇ ਦੀ ਬੇਸਮੈਂਟ ‘ਚ 500 ਤੋਂ ਵਧੇਰੇ ਦੋ ਪਹੀਆਂ ਵਾਹਨਾਂ ਤੇ 50 ਦੇ ਕਰੀਬ ਚਾਰ ਪਹੀਆਂ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਹੈ ਜਿਥੇ ਵਾਹਨ ਪਾਰਕ ਕਰਨ ਤੋਂ ਬਾਅਦ ਅੰਦਰੋਂ ਹੀ ਯਾਤਰੀ ਬੱਸ ਅੱਡੇ ‘ਚ ਦਾਖਲ ਹੋ ਜਾਂਦਾ ਹੈ।