ਪਟਿਆਲਾ ਜ਼ਿਲ੍ਹੇ ‘ਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋਣ ਨੇੜੇ
ਪਟਿਆਲਾ, 6 ਮਈ :
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਤੇ ਹੁਣ ਰੋਜ਼ਾਨਾ ਕਰੀਬ ਦੋ ਹਜ਼ਾਰ ਮੀਟਰਿਕ ਟਨ ਦੇ ਕਰੀਬ ਹੀ ਕਣਕ ਦੀ ਆਮਦ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਰਿਕਾਰਡ ਆਮਦ ਹੋਈ ਤੇ ਮੰਡੀਆਂ ‘ਚ ਕੱਲ ਤੱਕ ਕਣਕ ਦੀ 8 ਲੱਖ 86 ਹਜ਼ਾਰ ਮੀਟਰਿਕ ਟਨ ਆਮਦ ਹੋ ਚੁੱਕੀ ਹੈ ਅਤੇ ਮੰਡੀਆਂ ‘ਚ ਪੁੱਜੀ ਸਾਰੀ ਕਣਕ ਦੀ ਖਰੀਦ ਕਰਨ ਸਮੇਤ ਕਿਸਾਨਾਂ ਨੂੰ ਖਰੀਦ ਕੀਤੀ ਕਣਕ ਦੀ 100 ਫ਼ੀਸਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ ਖਰੀਦੀ ਕਣਕ ‘ਚੋਂ ਪਨਗਰੇਨ ਨੇ 293043 ਮੀਟਰਿਕ ਟਨ, ਮਾਰਕਫੈਡ ਨੇ 214472 ਮੀਟਰਿਕ ਟਨ, ਪਨਸਪ ਨੇ 197845 ਮੀਟਰਿਕ ਟਨ, ਵੇਅਰ ਹਾਊਸ ਨੇ 157213 ਮੀਟਰਿਕ ਟਨ ਅਤੇ ਵਪਾਰੀਆਂ ਨੇ ਕੁਲ 23433 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।
ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਨਾੜ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਯੋਗਦਾਨ ਪਾ ਸਕਦੇ ਹਨ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਵਿਚ ਸਹਾਈ ਹੋ ਸਕਦੇ ਹਨ।