ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਣਕ ਦੀ ਆਮਦ 3 ਲੱਖ ਮੀਟਰਿਕ ਟਨ ਤੋਂ ਹੋਈ ਪਾਰ
ਪਟਿਆਲਾ, 15 ਅਪ੍ਰੈਲ:
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਣਕ ਦੀ ਆਮਦ ਜ਼ੋਰਾਂ ‘ਤੇ ਹੈ ਅਤੇ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ‘ਚ 3 ਲੱਖ 40 ਹਜ਼ਾਰ 310 ਮੀਟਰਿਕ ਟਨ ਕਣਕ ਪਹੁੰਚ ਚੁੱਕੀ ਹੈ, ਜਿਸ ਵਿਚੋਂ 3 ਲੱਖ 16 ਹਜ਼ਾਰ 960 ਮੀਟਰਿਕ ਟਨ ਕਣਕ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕੱਲ ਇੱਕ ਦਿਨ ‘ਚ ਹੀ 1 ਲੱਖ 2 ਹਜ਼ਾਰ 857 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ 1 ਲੱਖ 6 ਹਜ਼ਾਰ 286 ਮੀਟਰਿਕ ਟਨ ਦੀ ਖਰੀਦ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਵੱਖ-ਵੱਖ ਸਰਕਾਰੀ ਏਜੰਸੀਆਂ ਵਿਚੋਂ ਪਨਗਰੇਨ ਨੇ 102450 ਮੀਟਰਿਕ ਟਨ, ਮਾਰਕਫੈਡ ਨੇ 83099 ਮੀਟਰਿਕ ਟਨ, ਪਨਸਪ ਨੇ 72805 ਮੀਟਰਿਕ ਟਨ, ਵੇਅਰ ਹਾਊਸ ਨੇ 50231 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 8375 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ ਅਤੇ ਹੁਣ ਤੱਕ ਕਿਸਾਨਾਂ ਨੂੰ 291.54 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਆਪਣੀ ਜਿਣਸ ਸੁਕਾਅ ਕੇ ਹੀ ਲਿਆਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਵਾਧੂ ਸਮਾਂ ਨਾ ਬੈਠਣਾ ਪਵੇ।