ਆਪਸੀ ਪਾਟੋ-ਧਾੜ ਚ ਪੀ.ਐਲ. ਸੀ. ਤੇ ਕਾਂਗਰਸ-ਮਹਿਤਾ
Ajay Verma (The Mirror Time)
ਮਾਮਲਾ ਪ੍ਰਸ਼ਾਸਨ ਵੱਲੋਂ ਢਾਹੀਆਂ ਦੁਕਾਨਾ ਦਾ
10 ਸਤੰਬਰ (ਪਟਿਆਲਾ)
ਲੰਘੇ ਦਿਨ ਘਲੌੜੀ ਗੇਟ ਵਿਖੇ ਪ੍ਰਸਾਸਨ ਵੱਲੋਂ ਦੁਕਾਨਾਂ ਢਾਹੁਣ ਦਾ ਮੁੱਦਾ ਕਾਫੀ ਜ਼ੋਰ ਫੜ ਗਿਆ ਹੈ। ਇਸ ਮਾਮਲੇ ਵਿਚ ਆਪਣਾ ਪੱਖ ਰੱਖਣ ਲਈ ਆਮ ਆਦਮੀ ਪਾਰਟੀ ਦੇ ਜ਼ਿਲਾ ਦਫਤਰ ਵਿਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਪ੍ਰੈੱਸ ਕਾਨਫ਼ਰੰਸ ਕੀਤੀ ਗਈ ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਢੇ ਚਾਰ ਸਾਲ ਪੰਜਾਬ ਤੇ ਰਾਜ ਕਰਨ ਤੋਂ ਬਾਅਦ ਆਪਣੀ ਨਿੱਜੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਗਿਆ, ਇਸ ਦੇ ਗਠਨ ਤੋਂ ਬਾਅਦ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਜੋਗੀ ਤੇ ਇਨ੍ਹਾਂ ਦੀ ਜੁੰਡਲੀ ਆਪਸ ਵਿਚ ਪਾਟੋ ਧਾੜ ਹੋ ਗਏ। ਕਾਂਗਰਸ ਪਾਰਟੀ ਦਾ ਹਿੱਸਾ ਰਹੇ ਯੋਗਿੰਦਰ ਸਿੰਘ ਯੋਗੀ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਪ੍ਰੈੱਸ ਕਾਨਫ਼ਰੰਸ ਕਰਕੇ ਮਹਾਰਾਣੀ ਪਰਨੀਤ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਰਹਿਨੁਮਾਈ ਹੇਠ ਪੀਐਲਸੀ ਦੇ ਲੀਡਰਾਂ ਅਤੇ ਕੌਂਸਲਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਸਬੰਧਤ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਜਾਰੀ ਕਰਕੇ ਵੱਡਾ ਖੁਲਾਸਾ ਕੀਤਾ ਸੀ, ਅਤੇ ਇਨ੍ਹਾਂ ਨਾਜਾਇਜ਼ ਕਬਜ਼ਾਧਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਕਾਰਵਾਈ ਤੋਂ ਡਰਦੇ ਮਾਰੇ ਕੌਂਸਲਰ ਸੋਨੀਆ ਕਪੂਰ ਅਤੇ ਉਸ ਦੇ ਪਤੀ ਹਰੀਸ਼ ਕਪੂਰ ਨੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਥੋਂ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਇਸ ਉਪਰੰਤ ਪ੍ਰਸ਼ਾਸਨ ਵੱਲੋਂ ਘਲੋੜੀ ਗੇਟ ਅਤੇ ਸਨੌਰੀ ਅੱਡਾ ਵਿਖੇ ਧਾਰਮਿਕ ਡੇਰਿਆਂ ਦੀ ਤੇ ਥਾਂ ‘ਤੇ ਬਣੀਆਂ ਨਾਜਾਇਜ਼ ਦੁਕਾਨਾਂ ਨੂੰ ਢਾਹ-ਢੇਰੀ ਕਰ ਦਿੱਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਤੇਜਿੰਦਰ ਮਹਿਤਾ ਨੇ ਕਿਹਾ ਕਿ ਸੰਤ ਕਲੀਨਿਕ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ।
ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਪੰਜਾਬ ਸਰਕਾਰ ਅਤੇ ਮੇਰੇ ਖ਼ਿਲਾਫ਼ ਲਗਾਏ ਜਾ ਰਹੇ ਦੋਸ਼ ਇਹ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਮੇਰਾ ਕੋਈ ਨਿੱਜੀ ਮਸਲਾ ਨਹੀਂ ਸਗੋਂ ਪੰਜਾਬ ਲੋਕ ਕਾਂਗਰਸ ਅਤੇ ਕਾਂਗਰਸ ਪਾਰਟੀ ਦੀ ਆਪਸੀ ਪਾਟੋ ਧਾੜ ਦਾ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਇੰਚਾਰਜ ਇੰਦਰਜੀਤ ਸਿੰਘ ਸੰਧੂ ਤੇ ਸੂਬਾ ਜੁਆਇੰਟ ਸਕੱਤਰ ਜਰਨੈਲ ਸਿੰਘ ਮਨੂੰ ਨੇ ਸਾਂਝੇ ਤੋਰ ਤੇ ਕਿਹਾ ਕਿ ਲੰਘੇ ਦਿਨ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀਆਂ ਕਾਰਵਾਈਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਰਾਜਨੀਤਕ ਦਬਾਅ ਨਹੀਂ ਪਾਉਣਾ ਚਾਹੁੰਦੀ ਅਤੇ ਨਾ ਹੀ ਅਜਿਹੇ ਨਾਜਾਇਜ਼ ਕਬਜ਼ਿਆਂ ਨੂੰ ਉਤਸ਼ਾਹਿਤ ਕਰਦੀ ਹੈ, ਪ੍ਰੰਤੂ ਕਾਂਗਰਸ ਸਰਕਾਰ, ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਸ਼ਹਿ ਹੇਠ ਜੋ ਨਾਜਾਇਜ਼ ਕਾਰਵਾਈਆਂ ਹੋਈਆਂ ਹਨ ਉਹ ਸਭ ਦੇ ਸਾਹਮਣੇ ਹਨ।
ਇਸ ਮੌਕੇ, ਮੁਖਤਿਆਰ ਸਿੰਘ ਗਿੱਲ, ਅਮਰ ਅਲੀ, ਸੁਖਵਿੰਦਰ ਸਿੰਘ ਬਰਤੀਆ, ਸੁਸ਼ੀਲ ਮਿੱਡਾ, ਰਾਜਬੀਰ ਸਿੰਘ, ਜਸਵਿੰਦਰ ਰਿੰਪਾ, ਭੁਪਿੰਦਰ ਸਿੰਘ, ਵਿਕਰਮ ਸ਼ਰਮਾ, ਅਸ਼ੀਸ਼ ਨਈਯਰ ਸੁਨੀਲ ਪੂਰੀ ,ਮੋਹਿੰਦਰ ਮੋਹਨ ,ਅਮਰਜੀਤ ਸਿੰਘ, ਲੱਕੀ ਲਹਿਲ, ਰਾਜ ਕੁਮਾਰ ਮਿਠਾਰੀਆ ਸਮੇਤ ਹੋਰ ਵੀ ਆਪ ਆਗੂ ਅਤੇ ਵਰਕਰ ਮੌਜੂਦ ਸਨ।