ਵਾਤਾਵਰਣ ਲਈ ਜੀਵਨ ਸ਼ੈਲੀ ਮੁਹਿੰਮ ਤਹਿਤ ਪਟਿਆਲਾ ਜ਼ੂ ‘ਚ ਪੁੱਜੇ ਵਿਦਿਆਰਥੀ
Harpreet Kaur (TMT)
ਪਟਿਆਲਾ, 2 ਜੂਨ:
ਵਿਸ਼ਵ ਵਾਤਾਵਰਣ ਦਿਵਸ 5 ਜੂਨ ਦੇ ਸੰਦਰਭ ਵਿੱਚ ‘ਵਾਤਾਵਰਣ ਲਈ ਜੀਵਨ ਸ਼ੈਲੀ’ ਮੁਹਿੰਮ ਤਹਿਤ ਅੱਜ ਸਕੂਲੀ ਵਿਦਿਆਰਥੀ ਪਟਿਆਲਾ ਜ਼ੂ ਵਿਖੇ ਪੁੱਜੇ ਅਤੇ ਇੱਥੇ ਚਿੱਤਰਕਲਾ ਮੁਕਾਬਲਿਆਂ ਵਿੱਚ ਹਿੱਸਾ ਲੈਕੇ ਵਾਤਾਵਰਣ ਪ੍ਰਤੀ ਸੁਚੇਤ ਹੋਣ ਦਾ ਪ੍ਰਣ ਲਿਆ।
ਇਹ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ, ਜੰਗਲੀ ਜੀਵ ਸੁਰੱਖਿਆ ਪਟਿਆਲਾ ਨੀਰਜ ਗੁਪਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪਲਾਸਟਿਕ ਨਾ ਵਰਤਣ ਬਾਰੇ ਅਤੇ ਇਸ ਤੋਂ ਹੁੰਦੇ ਨੁਕਸਾਨ ਸਮੇਤ ਬਿਜਲੀ ਦੀ ਬਚਤ ਦੇ ਸਾਧਨ, ਦਰੱਖਤ ਲਗਾਉ, ਜਲ ਬਚਾੳ, ਧਰਤੀ ਹੇਠਲਾ ਜਲ ਬਚਾਉਣ ਲਈ ਵੰਨ-ਸੁਵੰਨੀਆਂ ਫ਼ਸਲਾਂ ਬੀਜਣ, ਆਰ.ਓ ਦੇ ਪਾਣੀ ਨੂੰ ਫ਼ਾਲਤੂ ਨਾ ਜਾਣ ਦੇਣ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਣ ਮੰਡਲ ਅਧੀਨ ਆਉਂਦੀਆਂ ਰੇਂਜਾਂ ਪਟਿਆਲਾ, ਭਾਦਸੋਂ ਤੇ ਸਮਾਣਾ ਅਧੀਨ ‘ਵਾਤਾਵਰਣ ਲਈ ਜੀਵਨ ਸ਼ੈਲੀ’ ਤਹਿਤ ਵੱਡੀ ਪੱਧਰ ‘ਤੇ ਜਾਗਰੂਕਤਾ ਫੈਲਾਈ ਗਈ ਹੈ।
ਡੀ.ਐਫ.ਓ. ਨੀਰਜ ਗੁਪਤਾ ਨੇ ਅੱਗੇ ਦੱਸਿਆ ਕਿ ਮਿਸ਼ਨ ਲਾਈਫ਼ ‘ਵਾਤਾਵਰਣ ਲਈ ਜੀਵਨ ਸ਼ੈਲੀ’ ਮੁਹਿੰਮ ਤਹਿਤ ਸਕੂਲਾਂ ‘ਚ ਜਾਗਰੂਕਤਾ ਪ੍ਰੋਗਰਾਮ, ਵਾਤਾਵਰਣ ਸੰਭਾਂਲ ਦੀ ਸਹੁੰ ਚੁੱਕਣੀ, ਬੱਚਿਆਂ ਦੇ ਮੁਕਾਬਲੇ, ਸਾਈਕਲ ਰੈਲੀਆਂ, ਈ-ਟਿੰਬਰ ਪ੍ਰੋਮੋਸ਼ਨ ਦੇ ਪ੍ਰੋਗਰਾਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਹੈ ਕਿ ਸਾਡੀ ਜੀਵਨ ਸ਼ੈਲੀ ਵਿੱਚ ਵਾਤਾਵਰਣ ਪੱਖੀ ਤਬਦੀਲੀਆਂ ਲਿਆਂਦੀਆਂ ਜਾਣ ਤਾਂ ਕਿ ਸਾਡੇ ਜਿਉਣ ਦੇ ਢੰਗਾਂ ਦਾ ਵਾਤਾਵਰਣ ਪ੍ਰਤੀ ਘੱਟ ਤੋਂ ਘੱਟ ਮਾੜਾ ਪ੍ਰਭਾਵ ਪਵੇ।
ਇਸੇ ਦੌਰਾਨ ਵਣ ਰੇਂਜ ਅਫ਼ਸਰ ਚਰਨਜੀਤ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਪਟਿਆਲਾ ਜ਼ੂ ਵਿਖੇ ਸਕੂਲੀ ਵਿਦਿਆਰਥੀ ਪੁੱਜੇ ਅਤੇ ਉਨ੍ਹਾਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜ਼ੂ ਦੀ ਇੰਚਾਰਜ ਸੰਦੀਪ ਕੌਰ ਵੱਲੋਂ ਬੱਚਿਆਂ ਨੂੰ ਵੀ ਵਾਤਾਵਰਣ ਦੀ ਸੰਭਾਂਲ ਸਮੇਤ ਜੰਗਲਾਂ ਦੀ ਸੁਰੱਖਿਆ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਤ ਕੀਤਾ ਗਿਆ।
ਚਰਨਜੀਤ ਸਿੰਘ ਸੋਢੀ ਨੇ ਅੱਗੇ ਦੱਸਿਆ ਕਿ ਬਿਜਲੀ ਬਚਾਉਣ ਦੀ ਮੁਹਿੰਮ ਤਹਿਤ ਐਲ.ਈ.ਡੀ. ਬਲਬਾਂ ਦੀ ਵਰਤੋਂ, ਏ.ਸੀ. ਘੱਟ ਚਲਾਉਣ ਸਮੇਤ ਪਾਣੀ ਦੀ ਵਰਤੋਂ ਸੰਜਮ ਨਾਲ ਕਰਕੇ ਇਸ ਦੀ ਬਚਤ ਬਾਰੇ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਪਰਾਲੀ ਤੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਕੇ ਪ੍ਰਦੂਸ਼ਣ ਨਾ ਕਰਨ ਲਈ ਪੈਦਲ ਜਾਂ ਸਾਇਕਲ ਜਾਂ ਫ਼ੇਰ ਬਿਜਲਈ ਵਾਹਨਾਂ ਦੀ ਵਰਤੋਂ ਕੀਤੇ ਜਾਣ ਲਈ ਵੀ ਪ੍ਰੇਰਤ ਕੀਤਾ ਜਾ ਰਿਹਾ ਹੈ।
ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੰਨ-ਸੁਵੰਨੀ ਖੇਤੀ ਕਰਨ, ਐਗਰੋਫ਼ਾਰੈਸਟਰੀ, ਈ-ਟਿੰਬਰ ਆਨਲਾਈਨ ਪੋਰਟਲ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਵੀ ਪ੍ਰੇਰਤ ਕੀਤਾ ਜਾ ਰਿਹਾ ਹੈ।