ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਗਊ ਤਸਕਰ ਗਿਰੋਹ ਦਾ ਪਰਦਾਫ਼ਾਸ਼
ਪਟਿਆਲਾ, 2 ਅਗਸਤ:
ਪਟਿਆਲਾ ਪੁਲਿਸ ਨੇ ਨਾਭਾ ਨੇੜੇ ਮ੍ਰਿਤਕ ਮਿਲੇ 11 ਬਲਦਾਂ ਦੇ ਮਾਮਲੇ ਬਾਬਤ ਵੱਖ-ਵੱਖ ਪਹਿਲੂਆਂ ਤੋਂ ਤਫ਼ਤੀਸ਼ ਕਰਦਿਆਂ 24 ਘੰਟਿਆਂ ‘ਚ ਹੱਲ ਕਰਕੇ ਇੱਕ ਅੰਤਰਰਾਜੀ ਗਊ ਤਸਕਰਾਂ ਦੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਮਾਮਲੇ ‘ਚ ਸ਼ਾਮਲ ਸਾਰੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਇਸ ਮਾਮਲੇ ‘ਚ ਵਰਤਿਆ ਕੈਂਟਰ ਵੀ ਬਰਾਮਦ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਦੀਪਕ ਪਾਰੀਕ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਂਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਐਸ.ਪੀ. ਜਾਂਚ ਹਰਬੀਰ ਸਿੰਘ ਅਟਵਾਲ, ਐਸ.ਪੀ. ਪੀ.ਬੀ.ਆਈ/ਟ੍ਰੈਫਿਕ ਰਾਕੇਸ ਕੁਮਾਰ, ਡੀ.ਐਸ.ਪੀ. ਨਾਭਾ ਦਵਿੰਦਰ ਅੱਤਰੀ, ਡੀ.ਐਸ.ਪੀ ਜਾਂਚ ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ. ਸਥਾਨਕ ਦਲਜੀਤ ਸਿੰਘ ਵਿਰਕ ਅਤੇ ਡੀ.ਐਸ.ਪੀ ਐਮਰਜੈਂਸੀ ਰਿਸਪਾਂਸ ਸਿਸਟਮ ਰਾਜੇਸ ਛਿੱਬੜ ‘ਤੇ ਅਧਾਰਤ ਵੱਖ ਵੱਖ ਟੀਮਾਂ ਗਠਿਤ ਕਰਕੇ ਸੀ.ਆਈ.ਏ. ਪਟਿਆਲਾ ਤੇ ਸਬ ਡਵੀਜਨ ਨਾਭਾ ਦੀ ਸਾਰੀ ਫੋਰਸ ਨੂੰ ਵੀ ਵੱਖ-ਵੱਖ ਜਿੰਮੇਵਾਰੀਆਂ ਸੌਂਪੀਆਂ ਗਈਆਂ ਸਨ।
ਐਸ.ਐਸ.ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਇਸ ਮਾਮਲੇ ‘ਚ ਮੁਹੰਮਦ ਸਲੀਮ ਉਰਫ ਕਾਕਾ ਖੁਸੇਵਾਲਾ ਪੁੱਤਰ ਖੁਸੀ ਮੁਹੰਮਦ ਵਾਸੀ ਜਮਾਲਪੁਰ ਨੂਰ ਬਸਤੀ ਮਲੇਰਕੋਟਲਾ, ਮੁਹੰਮਦ ਦਿਲਸਾਦ ਉਰਫ ਬੁੱਟਾ ਪੁੱਤਰ ਮੁਹੰਮਦ ਅਨਵਰ ਵਾਸੀ ਕਿਲਾ ਰਹਿਮਾਨਗੜ੍ਹ ਮਲੇਰਕੋਟਲਾ, ਅਫਜਲ ਪੁੱਤਰ ਰਫਕਟ ਵਾਸੀ ਲੋਧੀਬੰਸ ਥਾਣਾ ਮਿਰਜਾਪੁਰ ਜਿਲਾ ਸਹਾਰਨਪੁਰ (ਯੂ.ਪੀ), ਸੰਦੀਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਬਨਭੌਰਾ ਜਿਲਾ ਮਲੇਰਕੋਟਲਾ, ਵਿਨੋਦ ਪੁੱਤਰ ਰਾਜਪਾਲ ਵਾਸੀ ਗੁਰੂ ਨਾਨਕ ਨਗਰ ਕੁਲਾਰਾਂ ਮੋੜ ਥਾਣਾ ਸਿਟੀ ਸਮਾਣਾ ਅਤੇ ਸੁਨੀਲ ਪੁੱਤਰ ਪ੍ਰਕਾਸ਼ ਵਾਸੀ ਗੁਰੂ ਨਾਨਕ ਨਗਰ ਕੁਲਾਰਾਂ ਮੋੜ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਨੂੰ ਅਮਰਗੜ੍ਹ ਤੋਂ ਨਾਭਾ ਰੋਡ ‘ਤੇ ਪਿੰਡ ਗਲਵੱਟੀ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਹ ਸਾਰੇ ਵਿਅਕਤੀ ਗਊ ਤਸਕਰੀ ਵਿੱਚ ਸ਼ਾਮਲ ਹਨ ਅਤੇ ਇਹਨਾਂ ਨੇ ਗਊ ਤਸਕਰੀ ਦਾ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਇਹ ਗ਼ੈਰ ਕਾਨੂੰਨੀ ਤੌਰ ‘ਤੇ ਸਾਨਾਂ, ਬਲਦਾਂ ਅਤੇ ਗਊਆਂ ਦੀ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਦੂਸਰੇ ਰਾਜਾਂ ਵਿੱਚ ਤਸਕਰੀ ਕਰਦੇ ਹਨ।ਇਹਨਾਂ ਨੇ ਇਹ ਗਊਵੰਸ਼ ਮਿਤੀ 30.07.2022 ਨੂੰ ਪਾਇਲ (ਖੰਨ੍ਹਾ) ਦੇ ਨੇੜਿੳ ਗ਼ੈਰ ਕਾਨੂੰਨੀ ਤੌਰ ‘ਤੇ ਕੈਂਟਰ ਵਿੱਚ ਲੱਦੇ ਪਰ ਰਸਤੇ ਵਿੱਚ ਇਹਨਾਂ ਦਾ ਕੈਂਟਰ ਖਰਾਬ ਹੋ ਗਿਆ ਅਤੇ ਪਸ਼ੂ ਬਹੁਤ ਜਿਆਦਾ ਹੋਣ ਕਰਕੇ ਮਾਰੇ ਗਏ ਅਤੇ ਇਨ੍ਹਾਂ ਨੇ ਅਗਲੇ ਦਿਨ ਇਹ ਕੈਂਟਰ ਵਾਪਸ ਪਹਿਲਾਂ ਖੰਨਾ ਮਲੇਰਕੋਟਲਾ ਰੋਡ ‘ਤੇ ਕੁੱਝ ਦੇਰ ਲਈ ਖੜਾ ਕੀਤਾ ਅਤੇ ਫਿਰ ਮਿਤੀ 31.07.2022 ਅਤੇ 01.08.2022 ਦੀ ਦਰਮਿਆਨੀ ਰਾਤ ਨੂੰ ਜੌੜੇ ਪੁੱਲ ਤੋਂ ਰੋਹਟੀ ਪੁੱਲ ਨੂੰ ਆਉਦੇ ਹੋਏ 15 ਕਿੱਲੋਮੀਟਰ ਦੇ ਏਰੀਆ ਵਿੱਚ ਵੱਖ ਵੱਖ ਥਾਵਾਂ ‘ਤੇ ਮ੍ਰਿਤਕ ਗੌਵੰਸ਼ਾਂ ਨੂੰ ਸੜਕ ਕਿਨਾਰੇ ਸੋਚੀ ਸਮਝੀ ਸਾਜਿਸ਼ ਤਹਿਤ ਸੁੱਟ ਦਿੱਤਾ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਸ ਘਟਨਾ ਨੂੰ 24 ਘੰਟੇ ਦੇ ਅੰਦਰ ਅੰਦਰ ਹੀ ਹੱਲ ਕਰਕੇ ਇਸ ਵਿੱਚ ਸ਼ਾਮਲ ਮੁੱਖ ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਨ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਗਊ ਤਸਕਰੀ ਗਿਰੋਹ ਦਾ ਮੁੱਖ ਸਰਗਨਾਂ ਮੁਹੰਮਦ ਸਲੀਮ ਉਰਫ ਕਾਕਾ ਖੁਸੇਵਾਲਾ ਹੈ ਜਿਸ ਵਿਰੁੱਧ ਨਸ਼ਾ ਤਸਕਰੀ, ਗਊ ਤਸਕਰੀ ਆਦਿ ਦੇ ਕੁੱਲ 34 ਮੁਕੱਦਮੇ ਲੁਧਿਆਣਾ, ਹੁਸ਼ਿਆਰਪੁਰ, ਸੰਗਰੂਰ, ਬਰਨਾਲਾ ਅਤੇ ਜਿਲ੍ਹਾ ਮਲੇਰਕੋਟਲਾ ਵਿਖੇ ਦਰਜ ਹਨ ਅਤੇ ਇਹ ਅੰਬਾਲਾ (ਹਰਿਆਣਾ) ਵਿਖੇ ਵੀ ਗਊ ਤਸਕਰੀ ਦੇ ਕੇਸ ਵਿੱਚ ਲੋੜੀਦਾ ਹੈ ਅਤੇ ਕੈਂਟਰ ਦੇ ਮਾਲਕ ਦੋਸੀ ਸੰਦੀਪ ਸਿੰਘ ਵਿਰੁੱਧ ਲੜਾਈ ਝਗੜੇ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ ਅਤੇ ਦੋਸ਼ੀ ਅਫਜਲ ਉਕਤ ਦੇ ਵਿਰੁੱਧ ਵੀ ਜਿਲਾ ਸਹਾਰਨਪੁਰ (ਯੂ.ਪੀ) ਵਿਖੇ ਕਰੀਮੀਨਲ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।