ਵੋਟਰ ਜਾਗਰੂਕਤਾ ਸਬਧੀ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਕਰਵਾਇਆ
ਪਟਿਆਲਾ, 9 ਫਰਵਰੀ:
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ‘ਚ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਪਟਿਆਲਾ ਵਿਖੇ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਖੇਡਿਆ ਗਿਆ। ਪ੍ਰਿੰ. ਹਸਵਿੰਦਰ ਕੌਰ ਦੀ ਦੇਖ-ਰੇਖ ‘ਚ ਹੋਏ ਇਸ ਸਮਾਗਮ ਦੌਰਾਨ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਲੋਕਤੰਤਰ ਦਾ ਤਿਉਹਾਰ’ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਤਨੂਜਾ, ਕਿਰਨ, ਸ਼ਰਨਜੀਤ ਸਿੰਘ ਚੀਮਾ, ਜੈਸਮੀਨ ਖੰਗੂੜਾ ਤੇ ਰਿੱਕੀ ਅਧਾਰਿਤ ਟੀਮ ਨੇ ਖੇਡਿਆ। ਜਿਸ ਰਾਹੀਂ ਕਲਾਕਾਰਾਂ ਨੇ ਵੱਖ-ਵੱਖ ਕਿਰਦਾਰਾਂ ਰਾਹੀਂ ਵੱਧ ਤੋਂ ਵੱਧ ਵੋਟਾਂ ਪਾਉਣ, ਚੋਣ ਕਮਿਸ਼ਨ ਦੀਆਂ ਸਹੂਲਤਾਂ ਦਾ ਫ਼ਾਇਦਾ ਉਠਾਉਣ ਤੇ ਚੋਣ ਪ੍ਰਣਾਲੀ ਦੇ ਹੋਰਨਾਂ ਪੱਖਾਂ ‘ਤੇ ਚਾਨਣਾ ਪਾਇਆ।
ਇਸ ਮੌਕੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਦੀ ਬਹੁਤ ਅਹਿਮ ਭੂਮਿਕਾ ਹੈ। ਜਿਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਹੋਰਨਾਂ ਵੋਟਰਾਂ ਨੂੰ ਵੀ ਮਤਦਾਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇਸ ਵਾਰ ਨੌਜਵਾਨਾਂ ਨੂੰ ਚੋਣ ਮਿੱਤਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸ ਲਈ ਨੌਜਵਾਨਾਂ ਖ਼ਾਸ ਕਰਕੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਵੈ-ਇੱਛਾ ਨਾਲ ਬਜ਼ੁਰਗ, ਦਿਵਿਆਂਗ ਤੇ ਹੋਰਨਾਂ ਲੋੜਵੰਦ ਵੋਟਰਾਂ ਨੂੰ ਮਤਦਾਨ ਕੇਂਦਰ ਤੱਕ ਲਿਆਉਣ ‘ਚ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਪ੍ਰੋ. ਅੰਟਾਲ ਨੇ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਸਬੰਧੀ ਸਾਰੀ ਜਾਣਕਾਰੀਆਂ ਸੋਸ਼ਲ ਮੀਡੀਆ ਐਪਸ ‘ਤੇ ਉਪਲਬਧ ਹਨ, ਜਿਨ੍ਹਾਂ ਰਾਹੀਂ ਨੌਜਵਾਨ ਹੋਰਨਾਂ ਵੋਟਰਾਂ ਲਈ ਸਹਾਈ ਸਿੱਧ ਹੋ ਸਕਦੇ ਹਨ। ਇਸ ਮੌਕੇ ਮੇਜ਼ਬਾਨ ਸੰਸਥਾ ਦੀ ਪ੍ਰਿੰ. ਹਸਵਿੰਦਰ ਕੌਰ ਨੇ ਆਪਣੀ ਸੰਸਥਾ ਦੀਆਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਤਦਾਨ ਕਰਨ ਤੇ ਹੋਰਨਾਂ ਵੋਟਰਾਂ ਦੀ ਮਦਦ ਕਰਨ। ਇਸ ਮੌਕੇ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਸਵੈ ਇੱਛਾ ਨਾਲ ਚੋਣ ਮਿੱਤਰ ਬਣਨ ਦਾ ਵਾਅਦਾ ਕੀਤਾ। ਇਸ ਮੌਕੇ ਸਹਾਇਕ ਨਿਰਦੇਸ਼ਕ ਭਾਸ਼ਾ ਵਿਭਾਗ ਤੇਜਿੰਦਰ ਸਿੰਘ ਗਿੱਲ, ਅੰਜਨਾ ਤੇ ਸਮੂਹ ਸਟਾਫ਼ ਹਾਜ਼ਰ ਸਨ।
ਤਸਵੀਰ- ਸਰਕਾਰੀ ਆਈ.ਟੀ.ਆਈ. (ਲੜਕੀਆਂ) ਪਟਿਆਲਾ ਵਿਖੇ ਸਵੀਪ ਮੁਹਿੰਮ ਦੌਰਾਨ ਨੁੱਕੜ ਨਾਟਕ ਲੋਕਤੰਤਰ ਦਾ ਤਿਉਹਾਰ ਦੇ ਮੰਚਨ ਮੌਕੇ, ਮਤਦਾਨ ਕਰਨ ਦੀ ਸਹੁੰ ਚੁੱਕਦੇ ਹੋਏ ਵਿਦਿਆਰਥੀ ਤੇ ਸਟਾਫ਼।