Punjab-ChandigarhTop News

ਪ੍ਰੀ-ਪ੍ਰਾਇਮਰੀ ਜਮਾਤਾਂ ‘ਚ ਪੜ੍ਹਦੇ ਵਿਦਿਆਰਥੀਆਂ ਦੀਆਂ ਮਾਵਾਂ ਲਈ ਇੱਕ ਰੋਜ਼ਾ ਵਰਕਸ਼ਾਪ

ਪਟਿਆਲਾ, 30 ਸਤੰਬਰ:
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜ. ਅਮਰਜੀਤ ਸਿੰਘ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਮਾਪਿਆਂ ਦੀ ਭਾਗੀਦਾਰੀ ਬਣਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਅੱਜ ਪਟਿਆਲੇ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਾਵਾਂ ਨੂੰ ਉਹਨਾਂ ਦੇ ਬੱਚਿਆਂ ਪ੍ਰਤੀ ਹੋਰ ਸੰਵੇਦਨਸ਼ੀਲ ਬਣਾਉਣ ਅਤੇ ਘਰ ਵਿਚ ਆਪਣੇ ਬੱਚਿਆਂ ਨੂੰ ਸਕੂਲ ਦਾ ਕੰਮ ਕਰਵਾਉਣ ਦੇ ਉਦੇਸ਼ ਨਾਲ ਮਾਵਾਂ ਨੂੰ ਸਕੂਲ ਵਿੱਚ ਬੁਲਾ ਕੇ ਕਰਵਾਈਆਂ  ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਇੰਜ.ਅਮਰਜੀਤ  ਨੇ ਕਿਹਾ ਕਿ ਮਦਰ ਵਰਕਸ਼ਾਪ ਦਾ ਮੁੱਖ ਉਦੇਸ਼ ਮਾਵਾਂ ਅਤੇ ਸਕੂਲ ਵਿਚਕਾਰ ਆਪਸੀ ਤਾਲਮੇਲ ਸਥਾਪਿਤ ਕਰਨਾ ਹੈ। ਇਸ ਦੇ ਨਾਲ-ਨਾਲ ਮਾਵਾਂ ਨੂੰ ਘਰ ਵਿਚ ਬੱਚਿਆਂ ਨੂੰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਵਰਤੇ ਜਾਣ ਵਾਲੇ ਸਮਾਨ ਬਾਰੇ ਜਾਣਕਾਰੀ ਦੇਣਾ ਹੈ। ਉਹਨਾਂ ਕਿਹਾ ਕਿ ਅੱਜ ਦੀ ਵਰਕਸ਼ਾਪ ਵਿੱਚ ਪਜ਼ਲ ਸੈੱਟ, ਲੇਸਿੰਗ ਸੈੱਟ ਅਤੇ ਟ੍ਰੇਸਿੰਗ ਸੈੱਟ ਬਣਾਉਣ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਮਾਵਾਂ ਦੀ ਭਾਗੀਦਾਰੀ ਬਣਾਈ ਗਈ ।
ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐੱਲੀ. ਮਨਵਿੰਦਰ ਕੌਰ ਭੁੱਲਰ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਮਦਰਜ਼ ਵਰਕਸ਼ਾਪ ਵਿੱਚ ਸ਼ਿਰਕਤ ਕਰਦੇ ਕਿਹਾ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸਕੂਲਾਂ ਨਾਲ ਜੋੜਨ ਲਈ ਸਿੱਖਿਆ ਵਿਭਾਗ ਬਿਹਤਰੀਨ ਉਪਰਾਲੇ ਕਰ ਰਿਹਾ ਹੈ ਅਤੇ ਇਹਨਾਂ ਵਰਕਸ਼ਾਪਾਂ ਦਾ ਉਦੇਸ਼ ਮਾਵਾਂ ਦੀ ਭਾਗੀਦਾਰੀ ਬਣਾ ਕੇ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਤੇਜ਼ੀ ਨਾਲ ਕਰਨਾ ਹੈ। ਉਹਨਾਂ ਸਰਕਾਰੀ ਐਲੀਮੈਂਟਰੀ ਸਕੂਲ ਗੁਰੂ ਨਾਨਕ ਨਗਰ ਰਾਜਪੁਰਾ-1 ਅਤੇ ਸਰਕਾਰੀ ਐਲੀਮੈਂਟਰੀ ਸਕੂਲ ਨਲਾਸ ਦੀ ਪ੍ਰੀ-ਪ੍ਰਾਇਮਰੀ ਇੱਕ ਰੋਜ਼ਾ ਵਰਕਸ਼ਾਪ ਨੂੰ ਅਟੈਂਡ ਕਰਦੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਲਾਹੇਵੰਦ ਹਨ ਅਤੇ ਨਾਲ਼ ਹੀ ਸਰਕਾਰੀ ਐਲੀਮੈਂਟਰੀ ਸਕੂਲ ਨਲ਼ਾਸ ਵਿਖੇ ਸਕੂਲ ਦੀ ਬਿਹਤਰੀ ਲਈ ਚੱਲਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਵੀ ਲਗਵਾਈ।
  ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਰਾਜਪੁਰਾ-2 ਮਨਜੀਤ ਕੌਰ ਨੇ ਕਿਹਾ ਕਿ ਮਦਰਜ਼ ਵਰਕਸ਼ਾਪ ਨਾਲ ਮਾਵਾਂ ਨੂੰ ਘਰ ਵਿਚ ਰੰਗ, ਗਿਣਤੀ, ਹਲਕਾ-ਭਾਰੀ, ਫਲ, ਸਬਜ਼ੀਆਂ ਅਤੇ ਆਲੇ ਦੁਆਲੇ ਸਬੰਧੀ ਜਾਣਕਾਰੀ ਦੇਣਾ ਹੈ । ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਬਹੁਤ ਤੇਜ਼ੀ ਨਾਲ ਸਿੱਖਦੇ ਹਨ । ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਮਾਣਾ-2 ਭਾਰਤ ਭੂਸ਼ਨ ਨੇ ਵੱਖ-ਵੱਖ ਸਕੂਲਾਂ ਵਿਚ ਮਦਰਜ਼ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਮਾਵਾਂ ਨੂੰ ਵੱਧ ਤੋਂ ਵੱਧ ਸਕੂਲ ਵਿਚ ਅਧਿਆਪਕ ਸਾਹਿਬਾਨ ਨਾਲ ਰਾਬਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹੇ ਦੀ ਸਾਰੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨੇ ਸਕੂਲ ਵਿੱਚ ਆਈਆਂ ਹੋਈਆਂ ਮਾਵਾਂ ਦੀਆਂ ਗਤੀਵਿਧੀਆਂ ਨੂੰ ਦੇਖਿਆ ਅਤੇ ਵੱਧ ਤੋਂ ਵੱਧ ਸਕੂਲਾਂ ਵਿਚ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ‘ਤੇ ਨਾਲੇ ਇਹਨਾਂ ਵਰਕਸ਼ਾਪਾਂ ਨੂੰ ਵਿਦਿਆਰਥੀਆਂ ਲਈ ਵਰਦਾਨ ਦੱਸਦਿਆਂ ਹੋਇਆਂ ਕਿਹਾ ਕਿ ਇਹ ਵਰਕਸ਼ਾਪਾਂ ਸਮੇਂ-ਸਮੇਂ ‘ਤੇ ਸਕੂਲਾਂ ਵਿਚ ਆਯੋਜਿਤ ਹੋਣੀਆਂ ਚਾਹੀਦੀਆਂ ਹਨ। ਜ਼ਿਲ੍ਹੇ ਦੇ ਸਮੂਹ ਸਕੂਲ, ਕਲੱਸਟਰ, ਬਲਾਕ ਅਤੇ ਜ਼ਿਲ੍ਹਾ ਮੀਡੀਆ ਟੀਮਾਂ ਨੇ ਸੋਸ਼ਲ ਮੀਡੀਆ ‘ਤੇ ਪ੍ਰੀ ਪ੍ਰਾਇਮਰੀ ਬੱਚਿਆਂ ਦੀਆਂ ਮਾਵਾਂ ਦੀ ਵਰਕਸ਼ਾਪ ਦੀਆਂ ਗਤੀਵਿਧੀਆਂ ਨੂੰ ਜੰਗੀ ਪੱਧਰ ‘ਤੇ ਸ਼ੇਅਰ ਕੀਤਾ।

Spread the love

Leave a Reply

Your email address will not be published. Required fields are marked *

Back to top button