ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ
Ajay Veram ( The Mirror Time )
ਮਹੱਤਵਪੂਰਨ ਦਿਹਾੜਿਆਂ ਨੂੰ ਮਨਾਉਣ ਦੀ ਮਹੱਤਤਾ ਨੂੰ ਵਧਾਉਣ ਲਈ, ਸਕਾਲਰ ਫੀਲਡਜ਼
ਪਬਲਿਕ ਸਕੂਲ, ਪਟਿਆਲਾ ਵਿਖੇ 12 ਅਪ੍ਰੈਲ, 2024 ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਇੱਕ ਸਮਾਗਮ ਕਰਵਾਇਆ ਗਿਆ। ਵਿਸਾਖੀ ਮੁੱਖ ਤੌਰ ‘ਤੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਕਣਕ ਦੀ ਵਾਢੀ ਦੇ ਤਿਉਹਾਰ ਵਜੋਂ ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਹੈ। ਵਿਸਾਖੀ ਦਾ ਪਵਿੱਤਰ ਤਿਉਹਾਰ 13 ਅਪ੍ਰੈਲ 1699 ਈ. ਨੂੰ ਸਿੱਖ ਧਰਮ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦੁਆਰਾ ਕੀਤੀ ਖਾਲਸਾ ਪੰਥ ਦੀ ਸਾਜਨਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਪੜ੍ਹਾਈ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ
ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਮੂਹਿਕ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਦਸਵੀਂ ਜਮਾਤ ਦੀ ਵਿਦਿਆਰਥਣ ਜਸਮਨਜੀਤ ਕੌਰ ਨੇ ਇੱਕ ਭਾਸ਼ਣ ਰਾਹੀਂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਦੂਜੀ ਵਿਦਿਆਰਥਣ ਹਰਨੂਰ ਕੌਰ ਨੇ ਵਿਸਾਖੀ ਦੇ ਤਿਉਹਾਰ ਸੰਬੰਧੀ ਇੱਕ ਕਵਿਤਾ ਨੂੰ ਪੇਸ਼ ਕੀਤਾ। ਸੱਤਵੀਂ ਤੋਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਢੋਲ ਅਤੇ ਪੰਜਾਬੀ ਲੋਕ ਸੰਗੀਤ ਦੀਆਂ ਧੁਨਾਂ ਨੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ
ਹੋਰ ਵਧਾ ਦਿੱਤਾ। ਜੂਨੀਅਰ ਕਲਾਸ ਦੇ ਸਾਰੇ ਵਿਦਿਆਰਥੀ ਰੰਗ-ਬਿਰੰਗੇ ਪੰਜਾਬੀ ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ ਸਨ। ਛੋਟੇ – ਛੋਟੇ ਬੱਚਿਆਂ ਵੱਲੋਂ ਪੰਜ ਪਿਆਰਿਆਂ ਦਾ ਰੂਪ ਧਾਰਿਆ ਗਿਆ ਜੋ ਕਿ ਮਨਮੋਹਕ ਲੱਗ ਰਿਹਾ ਸੀ। ਪ੍ਰੋਗਰਾਮ ਦੇ ਅੰਤ ਵਿੱਚ ਤੀਜੀ ਜਮਾਤ ਦੇ ਵਿਦਿਆਰਥੀ ਸ਼ਿਵਰਾਮ ਦੇ ਭੰਗੜੇ ਨੇ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਝੂਮਣ ਲਗਾ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੂਨਮ ਅਰੋੜਾ ਨੇ ਕਿਹਾ ਕਿ ਵਿਸਾਖੀ ਕੇਵਲ ਵਾਢੀ ਦਾ ਤਿਉਹਾਰ ਹੀ ਨਹੀਂ ਸਗੋਂ ਇੱਕ ਖਾਲਸਾ ਪੰਥ ਦੀ ਸਥਾਪਨਾ ਦਾ ਸ਼ੁਭ ਦਿਹਾੜਾ ਵੀ ਹੈ। ਪ੍ਰੋਗਰਾਮ ਦੀ ਸਮਾਪਤੀ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਕਿਸਾਨਾਂ ਦੀ ਤਰ੍ਹਾਂ ਸਖ਼ਤ ਮਿਹਨਤ ਕਰਨ ਅਤੇ ਜੀਵਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।