ਪਟਿਆਲਵੀਆਂ ਨੂੰ ਮਾਡਲ ਟਾਊਨ ਡਰੇਨ ਦੇ ਮੁਕੰਮਲ ਪ੍ਰਾਜੈਕਟ ਦੇ ਰੂਪ ‘ਚ ਜਲਦ ਮਿਲੇਗਾ ਨਵੇਂ ਸਾਲ ਦਾ ਤੋਹਫ਼ਾ
ਪਟਿਆਲਾ, 10 ਜਨਵਰੀ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਕਰੀਬ 32.3 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਪ੍ਰਗਤੀ ਅਧੀਨ ਕੰਮ ਦਾ ਜਾਇਜ਼ਾ ਲਿਆ। ਅੱਜ ਭਾਦਸੋਂ ਰੋਡ ‘ਤੇ ਟਿਵਾਣਾ ਚੌਂਕ ਅਤੇ ਰਣਜੀਤ ਨਗਰ, ਵਿਕਾਸ ਨਗਰ ਤੇ ਦੀਪ ਨਗਰ ਵਿਖੇ ਇਸ ਡਰੇਨ ਦਾ ਦੌਰਾ ਕਰਕੇ ਡਿਪਟੀ ਕਮਿਸ਼ਨਰ ਨੇ ਚੱਲ ਰਹੇ ਕੰਮ ‘ਚ ਹੋਰ ਤੇਜੀ ਲਿਆਉਣ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਵੀਆਂ ਨੂੰ ਨਵੇਂ ਸਾਲ 2023 ਦਾ ਤੋਹਫਾ ਮਾਡਲ ਟਾਊਨ ਡਰੇਨ ਦੇ ਇਸ ਮੁਕੰਮਲ ਹੋਣ ਵਾਲੇ ਪ੍ਰਾਜੈਕਟ ਦੇ ਰੂਪ ‘ਚ ਜਲਦ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਡਰੇਨ ਸਰਹਿੰਦ ਰੋਡ ‘ਤੇ ਪਿੰਡ ਹਸਨਪੁਰ ਦੇ ਨੇੜੇ ਤੋਂ ਸੁਰੂ ਹੋ ਕੇ ਪਟਿਆਲਾ ਸ਼ਹਿਰ ‘ਚੋ ਗੁਜਰਦੇ ਹੋਏ ਪਿੰਡ ਮੈਣ ਨੇੜੇ ਜੈਕਬ ਡਰੇਨ ਵਿੱਚ ਪੈਂਦੀ ਹੈ ਅਤੇ ਇਸ ਨੂੰ ਲਗਪਗ 10 ਕਿਲੋਮੀਟਰ ਤੱਕ ਕਵਰ ਕਰਕੇ ਇਸ ਨਾਲ ਲਗਦੀ ਸੜਕ ਨੂੰ ਚੌੜਾ ਕੀਤਾ ਜਾਵੇਗਾ, ਜਿਸ ਨਾਲ ਸਰਹਿੰਦ ਰੋਡ ਅਤੇ ਭਾਦਸੋਂ ਰੋਡ ਤੋਂ ਅੱਗੇ ਜਾ ਕੇ ਨਾਭਾ ਰੋਡ ਸੜਕ ਨੂੰ ਜੋੜਕੇ ਇਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗਾ, ਇਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਵੱਡੀ ਨਿਜਾਤ ਮਿਲੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਰਣਜੀਤ ਨਗਰ ਦੇ ਸਰਪੰਚ ਜਗਦੀਪ ਸਿੰਘ ਸਮੇਤ ਵਿਕਾਸ ਨਗਰ ਦੇ ਪੰਚਾਂ ਤੇ ਹੋਰ ਪਤਵੰਤਿਆਂ ਸਮੇਤ ਸਥਾਨਕ ਵਾਸੀਆਂ ਦੇ ਵੀ ਵਿਚਾਰ ਜਾਣੇ ਅਤੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰ ਰਹੇ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਪ੍ਰਾਜੈਕਟ ਦਾ ਕੰਮ ਮਿਥੇ ਸਮੇਂ ‘ਚ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਬਿਜਲੀ ਨਿਗਮ ਦੇ ਐਕਸੀਐਨ ਜਤਿੰਦਰ ਗਰਗ, ਬੀ.ਡੀ.ਪੀ.ਓ. ਰੁਪਿੰਦਰ ਕੌਰ ਸਮੇਤ ਸੀਵਰੇਜ਼ ਬੋਰਡ ਤੇ ਪੀ.ਡੀ.ਏ. ਦੇ ਅਧਿਕਾਰੀ ਵੀ ਮੌਜੂਦ ਸਨ।