Punjab-ChandigarhTop NewsUncategorized

ਹਜ਼ਾਰਾਂ ਦੀ ਗਿਣਤੀ ‘ਚ ਡੀਸੀ ਦਫਤਰ ਪਹੁੰਚੇ ਮਜ਼ਦੂਰਾਂ ਨੂੰ ਕੋਈ ਅਫਸਰ ਮਿਲਣ ਤੱਕ ਨਾ ਆਇਆ

ਚਾਰ ਘੰਟੇ ਬਾਅਦ ਸੜਕ ਜਾਮ ਕੀਤੀ, ਤਾਂ ਮੰਗ ਪੱਤਰ ਲੈਣ ਆਇਆ ਪ੍ਰਸ਼ਾਸਨ

Harpreet Kaur ( The Mirror Time )

Patiala

ਪਟਿਆਲਾ, 6 ਅਪ੍ਰੈਲ

ਅੱਜ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਬਲਾਕਾਂ ਚੋਂ ਹਜ਼ਾਰਾਂ ਪੇਂਡੂ ਮਜ਼ਦੂਰ ਪਟਿਆਲਾ ਦੇ ਡੀਸੀ ਦਫਤਰ ਦੇ ਨਾਲ ਲਗਦੇ ਮੈਦਾਨ ਵਿੱਚ ਇਕੱਤਰ ਹੋ ਕੇ ਪ੍ਰਦਰਸ਼ਨ ਕੀਤਾ। ਪਰ ਜਦੋਂ ਚਾਰ ਘੰਟੇ ਪ੍ਰਸ਼ਾਸਨ ਵਿੱਚੋ ਕੋਈ ਪੁੱਛਣ ਹੀ ਨਾ ਆਇਆ ਤਾਂ ਮਜ਼ਦੂਰਾਂ ਨੇ ਮਾਰਚ ਕਰਨ ਦਾ ਫੈਸਲਾ ਲਿਆ ਤੇ ਮੰਗ ਪੱਤਰ ਦਰਖ਼ਤ  ‘ਤੇ ਲਟਕਾ ਕੇ ਜਾਣ ਦਾ ਤੈਅ ਕੀਤਾ। ਮਜ਼ਦੂਰਾਂ ਦੀ ਵੱਡੀ ਗਿਣਤੀ ਕਾਰਨ ਦੁੱਖ ਨਿਵਾਰਨ ਸਾਹਿਬ ਨੂੰ ਜਾਂਦੀ ਸੜਕ ‘ਤੇ ਜਾਮ ਲੱਗ ਗਿਆ ਜਿਸ ਪਿੱਛੋਂ ਡੀਡੀਪੀਓ ਪਟਿਆਲਾ ਨੇ ਆਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਡੇਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ,ਸਕੱਤਰ ਸੁਨੀਤਾ ਰਾਣੀ ,ਰਾਜ ਕੌਰ ਥੂਹੀ ਤੇ ਆਸਾ ਰਾਣੀ  ਨੇ ਕਿਹਾ ਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਐਕਟ ਦੀ ਕਾਪੀ ਦੇਕੇ ਇਹ ਗੁਜ਼ਾਰਿਸ਼ ਕਰਨ ਆਏ ਸੀ ਕਿ ਐਕਟ ਪੜ੍ਹ ਕੇ ਫੈਸਲੇ ਕਰਿਆ ਕਰਨ ਪਰ ਪ੍ਰਸ਼ਾਸਨ ਦਾ ਰਵਈਆ ਦੇਖ ਕੇ ਲਗਦਾ ਹੈ ਕਿ ਉਹ ਪੇਂਡੂ ਖੇਤਰ ਲਈ ਕੰਮ ਕਰਨਾ ਹੀ ਨਹੀਂ ਚਾਹੁੰਦੇ ਤੇ  ਨਾ ਹੀ ਭ੍ਰਿਸ਼ਟਾਚਾਰ ਸੰਬੰਧੀ ਅਰਜ਼ੀਆਂ ‘ਤੇ ਕੋਈ ਕਾਰਵਾਈ ਹੋਵੇਗੀ। ਅੱਜ ਇਹ ਸਾਫ ਹੋ ਗਿਆ ਕਿ ਨਵੀਂ ਸਰਕਾਰ ਇਸ ਭ੍ਰਿਸ਼ਟ ਤੰਤਰ ਅੱਗੇ ਗੋਡੇ ਟੇਕ ਚੁੱਕੀ ਹੈ ਜਾਂ ਨਾਲ ਹੀ ਮਿਲ ਚੁੱਕੀ ਹੈ।


  ਮਨਰੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਮਨਰੇਗਾ ਨੂੰ ਐਕਟ ਮੁਤਾਬਕ ਲਾਗੂ ਕਰਨ ਲਈ ਅਰਜ਼ੀਆਂ ਲਿਖ ਰਹੇ ਹਨ ਤਾਂ ਜੋ ਕੁੱਲ ਪੇਂਡੂ ਖੇਤਰ ਨੂੰ ਇਸ ਕਾਨੂੰਨ ਦੇ ਮੰਤਵ ਤੋਂ ਲਾਭ ਹੋ ਸਕੇ ਪਰ ਸਰਕਾਰਾਂ ਅਤੇ ਅਫਸਰਸ਼ਾਹੀ ਦੇ ਹੰਕਾਰ ਦੇ ਚਲਦੇ ਇਹ ਮਨਰੇਗਾ ਨੂੰ ਨਾ ਮਜ਼ਦੂਰਾਂ, ਨਾ ਕਿਸਾਨਾਂ, ਨਾ ਨੌਜਵਾਨਾਂ ਦੇ ਹੱਕ ਵਿੱਚ ਇਸਤੇਮਾਲ ਕਰ ਸਕੇ ਹਨ। ਡੇਮੋਕ੍ਰੇਟਿਕ ਮਨਰੇਗਾ ਫ਼ਰੰਟ ਦੀ ਪਟਿਆਲਾ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਨੇ ਦੱਸਿਆ ਕਿ ਇਸ ਕਾਨੂੰਨ ਰਾਹੀਂ ਜਿਥੇ ਮਜ਼ਦੂਰਾਂ ਨੂੰ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਨਾਲ ਮਜ਼ਦੂਰਾਂ ਦਾ ਪਿੰਡਾਂ ਵਿਚੋ ਪਰਵਾਸ ਰੋਕਿਆ ਜਾ ਸਕਦਾ ਹੈ ਉਥੇ ਹੀ ਛੋਟੀ ਕਿਸਾਨੀ ਨੂੰ ਅਨੇਕਾਂ ਲਾਭ, ਪੜ੍ਹੇ ਲਿਖੇ ਨੌਜਵਾਨਾਂ ਨੂੰ ਘਰ ਦੇ ਨਜ਼ਦੀਕ ਨੌਕਰੀਆਂ  ਇਹ ਸਭ ਦਿੱਤਾ ਜਾ ਸਕਦਾ ਹੈ, ਉਹ ਵੀ ਕੇਂਦਰ ਸਰਕਾਰ ਦੇ ਫੰਡ ਨਾਲ।
ਜਿਲ੍ਹਾ ਸਕੱਤਰ ਰਮਨਜੋਤ ਬਾਬਰਪੁਾ,ਕੁਲਵੰਤ ਕੌਰ ਥੂਹੀ ਮਨਿੰਦਰ ਸਿੰਘ ਫਤਹਿ ਮਾਜਰੀ ਨੇ ਦੱਸਿਆ ਕਿ ਕਿਸ ਤਰਾਂ ਅਫਸਰਸ਼ਾਹੀ ਕੰਮ ਤੋਂ ਟਾਲਾ ਵੱਟ ਕੇ ਫਰਜ਼ੀ ਗ੍ਰਾਮ ਸਭਾਵਾਂ ਕਰਕੇ ਮਨਰੇਗਾ ਬੱਜਟ ਬਣਾਉਂਦੀ ਹੈ ਜਿਸਦੇ ਨਤੀਜੇ ਵੱਜੋਂ ਮਜ਼ਦੂਰਾਂ ਨੂੰ ਕਾਨੂੰਨ ਅਨੁਸਾਰ ਕੰਮ ਨਹੀਂ ਦਿੰਦੇ, ਫਿਰ ਆਪਣੀ ਗਲਤੀ ਦੇ ਬਾਵਜੂਦ ਉਸਨੂੰ ਢਕਣ ਲਈ ਹਰ ਤਰਾਂ ਦੇ ਗੈਰ ਇਖਲਾਕੀ ਕੰਮ ਕਰਕੇ ਬੇਰੁਜ਼ਗਾਰੀ ਭੱਤੇ ਦਾ ਵੀ ਹੱਕ ਮਾਰਦੇ ਹਨ। ਜ਼ਿਲ੍ਹੇ ਚੋ ਇਕੱਤਰ ਹਜ਼ਾਰਾਂ ਮਜ਼ਦੂਰਾਂ ਨੇ ਰੁਜ਼ਗਾਰ ਨਾ ਮਿਲਣ ਕਾਰਨ ਰੋਸ਼ ਜਤਾਇਆ ਤੇ ਫਿਰ ਜਿਸ ਤਰੀਕੇ ਨਾਲ ਅਰਜ਼ੀਆਂ ਦਾ ਨਿਪਟਾਰਾ ਹੁੰਦਾ ਹੈ ਉਸਤੋਂ ਇਹ ਮਹਿਸੂਸ ਹੁੰਦਾ ਹੈ ਜਿਵੇ ਅਫਸਰ ਕਿਸੇ ਨੂੰ ਜੁਆਬਦੇਹ ਨਹੀਂ ਹਨ, ਤੇ ਨਾ ਹੀ ਇਨ੍ਹਾਂ ਨੂੰ ਕਾਨੂੰਨ ਪੜ੍ਹਨ ਦੀ ਜ਼ਰੂਰਤ ਹੈ। ਇਨ੍ਹਾਂ ਦਾ ਕੰਮ ਸ਼ਾਇਦ ਲੋਕਾਂ ਨੂੰ ਦਬਸ਼ ਦੇਣਾ ਹੀ ਹੈ।
ਇਸ ਮੌਕੇ ਮਜ਼ਦੂਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਲਿਖ ਕੇ ਇਨਸਾਫ ਦੀ ਵੀ ਮੰਗ ਕੀਤੀ। ਇਸ ਮੌਕੇ  ਸੰਦੀਪ ਕੌਰ ਖੇੜੀ ਗੌੜੀਆਂ, ਕ੍ਰਿਸ਼ਨ ਲੁਬਾਣਾ,ਗੁਰਤੇਜ ਸਮਾਣਾ ,ਹਰਦੀਪ ਕੌਰ ਪਾਲੀਆ,ਹਰਮੇਸ਼ ਕੌਰ ਕਾਠਮਠੀ,ਲਖਵੀਰ ਲਾਡੀ ,ਬਲਜੀਤ ਕੌਰ ਰਾਜਪੁਰਾ ਅਤੇ ਆਈ.ਡੀ ਪੀ ਦੇ ਸੂਬਾਈ ਆਗੂ ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ ,ਗੁਰਮੀਤ ਸਿੰਘ ਥੂਹੀ,ਚਮਕੌਰ ਸਿੰਘ ਅਗੇਤੀ ਨੇ ਸਰਗਰਮ ਸਮੂਲੀਅਤ ਕੀਤੀ ।

Spread the love

Leave a Reply

Your email address will not be published. Required fields are marked *

Back to top button