Punjab-Chandigarh

ਲੋਕ ਅਕਾਲੀ-ਬਸਪਾ ਗਠਜੋੜ ਨੂੰ ਸੱਤਾ ’ਚ ਲਿਆਉਣ ਲਈ ਹੋਏ ਪੱਬਾਂ ਭਾਰ : ਵਿਧਾਇਕ ਚੰਦੂਮਾਜਰਾ

18 ਫਰਵਰੀ (ਸਨੌਰ) : ਹਲਕਾ ਸਨੌਰ ਤੋਂ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਅੱਜ ਹਲਕੇ ਅੰਦਰ ਇਕ ਵਿਸ਼ਾਲ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਭੁਨਰਹੇੜੀ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ ਟਰਾਲੀਆਂ, ਕਾਰਾਂ-ਜੀਪਾਂ ਤੇ ਮੋਟਰਸਾਈਕਲਾਂ ’ਤੇ ਲੋਕ ਤੱਕੜੀ ਦੇ ਝੰਡਾ ਲਗਾ ਕੇ ਹਲਕਾ ਸਨੌਰ ਦੀਆਂ ਸੜਕਾਂ ’ਤੇ ਨਿਕਲੇ ਕਈ ਕਿਲੋਮੀਟਰ ਲੰਮੇਂ ਇਸ ਰੋਡ ਸ਼ੋਅ ਦੌਰਾਨ ਹਲਕੇ ਦੀਆਂ ਸੜਕਾਂ ’ਤੇ ਤੱਕੜੀ ਦੇ ਝੰਡੇ ਹੀ ਝੰਡੇ ਨਜ਼ਰ ਆਏ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਨਰਮ ਸੁਭਾਅ ਕਾਰਨ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਉਨ੍ਹਾਂ ਦੇ ਰੋਡ ਸ਼ੋਅ ਨੂੰ ਭਰਵਾਂ ਹੁਗਾਰਾ ਮਿਲਿਆ। ਵੱਖ ਵੱਖ ਥਾਈਂ ਜਿਥੇ ਉਨ੍ਹਾਂ ’ਤੇ ਫੁਲਾਂ ਦੀ ਵਰਖਾ ਕੀਤੀ ਗਈ ਉਥੇ ਹੀ ਪਿੰਡਾਂ ਵਿਚ ਸਿਰੋਪਾਓ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਹਲਕਾ ਸਨੌਰ ਦੀਆਂ ਸਮੁੱਚੀਆਂ ਸੜਕਾਂ ’ਤੇ ਤੱਕੜੀ ਦੇ ਨਿਸ਼ਾਨ ਵਾਲੇ ਝੰਡੇ ਹੀ ਝੰਡੇ ਦਿਖਾਈ ਦਿੱਤੇ।
ਇਸ ਮੌਕੇ ਸਨੌਰ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਅੱਜ ਦੇ ਰੋਡ ਸ਼ੋਅ ਦੌਰਾਨ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਲੋਕ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਲੋਕ ਸਵਰਗੀ ਦੀਪ ਸਿੱਧੂ ਦੇ ਆਖਰੀ ਬੋਲ ਪੁਗਾਉਣ ਲਈ ਸੜਕਾਂ ’ਤੇ ਆ ਖੜ੍ਹੇ ਹੋਏ ਹਨ ਅਤੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੀ ਦੁਸ਼ਮਣ ਜਮਾਤ ਹੈ, ਦਾ ਪੰਜਾਬ ਵਿਚੋਂ ਸਫਾਇਆ 20 ਤਰੀਕ ਨੂੰ ਕਰ ਕੇ ਹੀ ਸਾਹ ਲੈਣਗੇ।
ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਅੰਦਰੂਨੀ ਖਹਿਬਾਜ਼ੀ ਕਾਰਨ ਪਹਿਲਾਂ ਹੀ ਹਾਰ ਕਬੂਲ ਚੁੱਕੀ ਹੈ ਅਤੇ ਪੰਜਾਬ ਦੀ ਸੱਤਾ ਹਥਿਆਉਣ ਦੀ ਫਿਰਾਕ ਵਿਚ ਆਮ ਆਦਮੀ ਪਾਰਟੀ ਪੰਜਾਬ ਅੰਦਰ ਸੱਤਾ ਦੇ ਸੁਪਨੇ ਲੈਣ ਭੁਲ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਸਵਰਗੀ ਦੀਪ ਸਿੱਧੂ ਦੇ ਆਖਰੀ ਬਿਆਨ ਵਾਲੀ ਵੀਡੀਓ ਜਿਸ ਵਿਚ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਦੁਸ਼ਮਣ ਜਮਾਤ ਦਸਦਿਆਂ ਇਸਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ, ਨੂੰ ਪੰਜਾਬ ਦੇ ਲੋਕ ਭੁਲ ਨਹੀਂ ਸਕਦੇ ਅਤੇ ਦੀਪ ਸਿੱਧੂ ਦੀ ਸੋਚ ’ਤੇ ਪਹਿਰਾ ਦਿੰਦਿਆਂ ਆਮ ਆਦਮੀ ਪਾਰਟੀ ਦਾ ਇਸ ਵਾਰ ਖਾਤਾ ਵੀ ਨਹੀਂ ਖੁੱਲ੍ਹਣ ਦੇਣਗੇ।
ਭੁਨਰਹੇੜੀ ਤੋਂ ਸ਼ੁਰੂ ਹੋਇਆ ਵਿਸ਼ਾਲ ਰੋਡ ਸ਼ੋਅ ਦੇਵੀਗੜ੍ਹ, ਛੰਨਾ ਮੋੜ, ਜੁਲਕਾਂ, ਮਸੀਂਗਣ, ਹਡਾਣਾ, ਪੁਰ, ਮੰਡੀ, ਭਾਂਖਰ, ਲਲੀਨਾ, ਸਨੌਰ, ਜੌੜੀਆਂ ਤੋਂ ਹੁੰਦਾ ਹੋਇਆ ਮੁੜ ਭੁਨਰਹੇੜੀ ਵਿਖੇ ਸੰਪੰਨ ਹੋਇਆ।
ਇਸ ਮੌਕੇ ਹਕਲਾ ਸਨੌਰ ਦੇ ਸਮੂਹ ਸਰਕਲਾਂ ਦੇ ਜਥੇਦਾਰਾਂ ਸਮੇਤ ਸਮੁੱਚੀ ਅਕਾਲੀ ਬਸਪਾ ਲੀਡਰਸ਼ਿਪ ਤੇ ਵਰਕਰ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button