ਮੌਸਮ ਵਿਭਾਗ ਦੀ ਭਵਿੱਖਬਾਣੀ: ਪੰਜਾਬ ’ਚ ਆਉਣ ਵਾਲੇ ਦਿਨਾਂ ’ਚ ਪੈ ਸਕਦਾ ਭਾਰੀ ਮੀਂਹ
ਪੰਜਾਬ ਭਰ ਦੇ ਵਿੱਚ ਮਾਨਸੂਨ ਦੀ ਦਸਤਕ ਦੇਣ ਤੋਂ ਬਾਅਦ ਲਗਾਤਾਰ ਬਾਰਿਸ਼ਾਂ ਦਾ ਸਿਲਸਿਲਾ ਜਾਰੀ ਹੈ ਕਈ ਇਲਾਕਿਆਂ ਵਿਚ ਭਰਪੂਰ ਬਾਰਿਸ਼ ਹੋ ਰਹੀ ਹੈ ਪਰ ਕਈ ਇਲਾਕੇ ਹਾਲੇ ਵੀ ਬਾਰਿਸ਼ ਤੋਂ ਸੱਖਣੇ ਹਨ। ਜੇਕਰ ਆਉਂਦੇ ਦੋ ਤਿੰਨ ਦਿਨ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਮੀਂਹ ਦੀ ਚਿਤਾਵਨੀ ਹੈ ਕਈ ਥਾਵਾਂ ਤੇ ਦਰਮਿਆਨੀ ਅਤੇ ਕਈ ਥਾਵਾਂ ਤੇ ਭਾਰੀ ਬਾਰਿਸ਼ ਪੈਣ ਦੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ 26 ਜੁਲਾਈ ਤੋਂ ਲੈ ਕੇ 28 ਜੁਲਾਈ ਤੱਕ ਪੰਜਾਬ ਭਰ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ। ਜਿਸ ਦੇ ਕਾਰਨ ਤਾਪਮਾਨ ਚ ਵੀ ਫਰਕ ਦੇਖਣ ਨੂੰ ਮਿਲੇਗਾ। ਇਹ ਬਾਰਿਸ਼ਾਂ ਫਸਲਾਂ ਲਈ ਵੀ ਕਾਫ਼ੀ ਫ਼ਾਇਦੇਮੰਦ ਹਨ। ਖਾਸ ਕਰਕੇ ਪੰਜਾਬ ਦੇ ਵਿੱਚ ਝੋਨੇ ਦੀ ਫ਼ਸਲ ਨੂੰ ਭਰਪੂਰ ਪਾਣੀ ਦੀ ਲੋੜ ਹੈ ਅਤੇ ਮੀਂਹ ਦਾ ਪਾਣੀ ਪਾਣੀ ਦੀ ਕਮੀ ਪੂਰੀ ਕਰ ਰਹੀ ਹੈ। ਇਸਦੇ ਨਾਲ ਹੀ ਧਰਤੀ ਹੇਠਲੇ ਪਾਣੀਆਂ ਨੂੰ ਵੀ ਰੀਚਾਰਜ ਕਰ ਰਹੀ ਹੈ।
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਦੋ ਤੋਂ ਤਿੰਨ ਦਿਨ ਵਿਚਕਾਰ ਪੰਜਾਬ ਦੇ ਅੰਦਰ ਮੀਂਹ ਪਵੇਗਾ। ਖਾਸ ਕਰਕੇ ਦੋਆਬਾ ਅਤੇ ਮਾਝਾ ਵਿੱਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੌਜੂਦਾ ਹਾਲਾਤਾਂ ਦੇ ਵਿਚ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਚੱਲ ਰਹੇ ਹਨ। ਦਿਨ ਦਾ ਤਾਪਮਾਨ ਘੱਟੋ ਘੱਟ 27 ਡਿਗਰੀ ਦੇ ਕਰੀਬ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦੇ ਕਰੀਬ ਹੈ ਜੋ ਕਿ ਆਮ ਹੈ ਪਰ ਉਨ੍ਹਾਂ ਕਿਹਾ ਕਿ ਗਰਮੀ ਇਸ ਕਰਕੇ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ ਕਿਉਂਕਿ ਮੌਸਮ ਦੇ ਵਿੱਚ ਇਮਿਊਨਿਟੀ ਯਾਨੀ ਨਮੀ ਵੱਧ ਹੈ। ਜਿਸ ਕਾਰਨ ਲੋਕ ਗਰਮੀ ਕਾਰਨ ਪਰੇਸ਼ਾਨ ਹਨ।
ਮੌਸਮ ਵਿਭਾਗ ਮੁਤਾਬਕ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ, ਜਿਸ ਕਾਰਨ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਦੂਜੇ ਪਾਸੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ ‘ਚੰਗੇ ਤੋਂ ਤਸੱਲੀਬਖਸ਼’ ਸ਼੍ਰੇਣੀ ਵਿੱਚ ਹੈ।