ਗੁਰਨਾਮ ਸਿੰਘ ਚਡ਼ੂਨੀ ਨੇ ਕੀਤਾ ਰਛਪਾਲ ਜੌੜਾਮਾਜਰਾ ਦੇ ਦਫ਼ਤਰ ਦਾ ਉਦਘਾਟਨ
ਸਮਾਣਾ, 22 ਜਨਵਰੀ
ਸੰਯੁਕਤ ਸੰਘਰਸ਼ ਪਾਰਟੀ ਦੇ ਸਰਪ੍ਰਸਤ ਤੇ ਕਿਸਾਨ ਆਗੂ ਗੁਰਨਾਮ ਸਿੰਘ ਚਡ਼ੂਨੀ ਅਤੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਸਾਂਝੇ ਉਮੀਦਵਾਰ ਰਛਪਾਲ ਸਿੰਘ ਜੌੜਾਮਾਜਰਾ ਦੇ ਦਫ਼ਤਰ ਦਾ ਉਦਘਾਟਨ ਸਮਾਣਾ ’ਚ ਕੀਤਾ ਗਿਆ।
ਇਸ ਮੌਕੇ ਗੁਰਨਾਮ ਸਿੰਘ ਚਡ਼ੂਨੀ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦੇਵਾਂਗੇ, ਬੱਚਿਆਂ ਨੂੰ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਆਰਥਿਕ ਤੰਗੀ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾਵੇਗਾ ਤੇ ਪੰਜਾਬ ’ਚੋਂ ਨਸ਼ੇ ਖ਼ਤਮ ਕਰਕੇ ਪੰਜਾਬ ਦੀ ਜਵਾਨੀ ਨੂੰ ਚੰਗੇ ਰਸਤੇ ਪਾਇਆ ਜਾਵੇਗਾ। ਅੱਜ ਰਾਜਨੀਤਕ ਲੋਕ ਪੂੰਜੀਪਤੀਆਂ ਪਾਸੋਂ ਪੈਸੇ ਲੇ ਕੇ ਸੱਤਾ ਵਿਚ ਆਉਂਦੇ ਹਨ ਤੇ ਸੱਤਾ ਤੋਂ ਪੈਸੇ ਕਮਾਉਂਦੇ ਸਨ ਜਿਸ ਕਾਰਨ ਆਮ ਲੋਕਾਂ ਦਾ ਜੀਵਨ ਮੁਹਾਲ ਬਣਿਆ ਹੋਇਆ ਹੈ ਤੇ ਸਮਾਜ ਵਿਚ ਗਰੀਬ ਅਮੀਰ ਦਾ ਪਾੜਾ ਵਧਦਾ ਜਾ ਰਿਹੈ।
ਰਛਪਾਲ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਮਕਸਦ ਨਾਲ ਚੋਣਾਂ ਵਿਚ ਉਤਰੇ ਹਨ ਤੇ ਚੋਣਾਂ ਜਿੱਤ ਕੇ ਸਮਾਣਾ ਦੇ ਹਰ ਵਰਗ ਲਈ ਦਿਨ ਰਾਤ ਇੱਕ ਕਰਾਂਗਾ ਤੇ ਸਮਾਣਾ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਾਂਗਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਵੀ ਉਨ੍ਹਾਂ ਨਾਲ ਹਾਜ਼ਰ ਸਨ।