ਪਟਿਆਲਾ ਦੇ ਡੀਲਵਾਲ ‘ਚ ਬਣਿਆ ਪੰਜਾਬ ‘ਚ ਦਿਹਾਤੀ ਖੇਤਰ ਦਾ ਪਹਿਲਾ ਸਾਂਝਾ ਪਖਾਨਾ
ਪਟਿਆਲਾ, 3 ਮਈ:
ਪਟਿਆਲਾ ਦੇ ਨਾਲ ਲੱਗਦੇ ਪਿੰਡ ਡੀਲਵਾਲ ਵਿਖੇ ਔਰਤਾਂ, ਮਰਦਾਂ ਤੇ ਤੀਜੇ ਲਿੰਗ ਵਾਲਿਆਂ ਲਈ ਪੰਜਾਬ ਦਾ ਪਹਿਲਾ ਸਾਂਝਾ ਪਖਾਨਾ (ਆਲ ਜੈਂਡਰ) ਬਣਾਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਇਹ ਸਾਂਝਾ ਪਖਾਨਾ ਤਿਆਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਂਝਾ ਪਖਾਨਾ ਇੱਕ ਤਜਰਬੇ ਵਜੋਂ ਬਣਾਇਆ ਗਿਆ ਹੈ ਅਤੇ ਬਾਅਦ ਵਿੱਚ ਇਸਨੂੰ ਹੋਰ ਅੱਗੇ ਵਧਾਉਂਦੇ ਹੋਏ ਬਾਕੀ ਪਿੰਡਾਂ ਵਿੱਚ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰਦਾਂ ਤੇ ਔਰਤਾਂ ਲਈ ਤਾਂ ਪਖਾਨੇ ਆਮ ਬਣੇ ਹੁੰਦੇ ਹਨ ਪਰੰਤੂ ਸਾਡੇ ਸਮਾਜ ‘ਚ ਤੀਜੇ ਲਿੰਗ ਵਾਲੇ ਨਾਗਰਿਕਾਂ ਲਈ ਇਹ ਮੁਸ਼ਕਿਲ ਹੁੰਦੀ ਹੈ ਕਿ ਉਹ ਔਰਤਾਂ ਵਾਲੇ ਜਾਂ ਮਰਦਾਂ ਵਾਲੇ ਪਖਾਨੇ ਨੂੰ ਵਰਤਣ, ਇਸ ਲਈ ਇਕ ਤਜਰਬੇ ਵਜੋਂ ਇਹ ਸਾਂਝਾ ਪਖਾਨਾ ਪਟਿਆਲਾ ਸ਼ਹਿਰ ਦੇ ਨੇੜਲੇ ਪਿੰਡ ਡੀਲਵਾਲ ਵਿਖੇ ਬਣਾਇਆ ਗਿਆ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਦੀ ਦੇਖ-ਰੇਖ ਹੇਠ ਇਸ ਸਾਂਝੇ ਪਖਾਨੇ ਦੇ ਕੰਮ ਨੂੰ ਮੁਕੰਮਲ ਕਰਵਾਇਆ ਗਿਆ ਹੈ ਤਾਂ ਕਿ ਇਸ ਪਿੰਡ ਵਿਖੇ ਜਾਂ ਨੇੜਲੇ ਇਲਾਕੇ ਵਿੱਚ ਵਸਦੇ ਨਾਗਰਿਕਾਂ ਦੀ ਸਹੂਲਤ ਲਈ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਾਂਝਾ ਪਖਾਨਾ ਪੰਜਾਬ ਦਾ ਪਹਿਲਾ ਅਜਿਹਾ ਸਾਂਝਾ ਪਖਾਨਾ (ਆਲ ਜੈਂਡਰ) ਹੈ, ਜਿਹੜਾ ਕਿ ਦਿਹਾਤੀ ਖੇਤਰ ‘ਚ ਬਣਵਾਇਆ ਗਿਆ ਹੋਵੇ।