Punjab-Chandigarh

ਪੰਜਾਬ ਅਤੇ ਮਹਾਂਰਾਸ਼ਟਰ ਵਲੋਂ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਲਈ ਤਕਨਾਲੋਜੀ ਦੇ ਆਦਾਨ-ਪ੍ਰਦਾਨ ’ਤੇ ਸਹਿਮਤੀ

ਮਹਾਰਾਸ਼ਟਰ ਦੇ ਬਾਗਬਾਨੀ ਮੰਤਰੀ ਸ੍ਰੀ ਸੰਦੀਪਨ ਭੂਮਰੇ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫਦ ਨੇ ਅੱਜ ਪੰਜਾਬ ਭਵਨ ਵਿਖੇ ਪੰਜਾਬ ਦੇ ਬਾਗਬਾਨੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਦੋਵਾਂ ਸੂਬਿਆਂ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਨੂੰ ਵਧਾਉਣ ਲਈ ਵਰਤੀ ਜਾ ਰਹੀ ਤਕਨਾਲੋਜੀ ਦੇ ਆਦਾਨ -ਪ੍ਰਦਾਨ ‘ਤੇ ਸਹਿਮਤੀ  ਪ੍ਰਗਟਾਈ ਗਈ ।
 ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਇਸ ਵੇਲੇ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ। ਕੇਵਲ ਖੇਤੀ ਵਿਭਿੰਨਤਾ ਹੀ ਕਿਸਾਨਾਂ ਨੂੰ ਮੌਜੂਦਾ ਆਰਥਿਕ ਮੰਦੀ ਤੋਂ ਬਾਹਰ ਕੱਢਣ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਉਨਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਨਾਲ ਹੀ ਕਿਸਾਨ ਮੌਜੂਦਾ ਸੰਕਟ ਵਿੱਚੋਂ ਬਾਹਰ ਨਿਕਲ ਸਕਦਾ ਹੈ।

ਪੰਜਾਬ ਦੇ ਕਿਸਾਨਾਂ ਦੀਆਂ ਤਲਖ਼ ਸੱਚਾਈਆਂ ਬਾਰੇ ਜਾਣਕਾਰੀ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਲੰਮੇ ਅਰਸੇ ਤੋਂ ਕਣਕ ਅਤੇ ਝੋਨੇ ਦੀ ਕਾਸ਼ਤ ਦੇ ਚੱਕਰ ਵਿੱਚ ਫਸੇ ਹੋਏ ਹਨ, ਜਿਸ ਨਾਲ  ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਪੰਜਾਬ ਕੋਲ ਅਗਲੇ 25 ਸਾਲਾਂ ਲਈ ਪਾਣੀ ਦਾ ਭੰਡਾਰ ਮੌਜੂਦ ਹੈ ਅਤੇ ਇਸ ਵੇਲੇ ਪਾਣੀ ਦਾ ਪੱਧਰ 300 ਫੁੱਟ ਤੱਕ ਥੱਲੇ ਚਲਾ ਗਿਆ ਹੈ। ਉਨਾਂ ਕਿਹਾ ਕਿ ਇਸ ਵੇਲੇ ਕਿਸਾਨਾਂ ਨੂੰ ਲਗਭਗ 7000 ਕਰੋੜ ਰੁਪਏ ਦੀ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
ਰਾਣਾ ਨੇ ਦੁਹਰਾਇਆ ਕਿ ਫਸਲੀ ਵਿਭਿੰਨਤਾ ਹੀ ਕਿਸਾਨਾਂ ਨੂੰ ਸੰਕਟ ਵਿੱਚੋਂ ਕੱਢਣ ਦਾ ਇਕ ਮਾਤਰ ਰਾਹ ਹੈ। ਉਨਾਂ ਕਿਹਾ ਕਿ ਅੱਜ ਦੇਸ਼ ਵਿੱਚ ਅਨਾਜ ਦੀ ਭਰਪੂਰ ਸਪਲਾਈ ਹੈ ਅਤੇ ਸਬਜੀਆਂ ਅਤੇ ਫਲਾਂ ਦੀ ਮੰਗ ਵੀ ਵਧ ਰਹੀ ਹੈ। ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਮਹਾਰਾਸ਼ਟਰ ਨੇ ਫਲਾਂ ਅਤੇ ਸਬਜੀਆਂ ਦੇ ਉਤਪਾਦਨ ਵਿੱਚ ਦੇਸ਼ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ ਅਤੇ ਮਹਾਂਰਾਸ਼ਟਰ ਤੇ ਪੰਜਾਬ ਦੋਵੇਂ ਤਕਨੀਕਾਂ ਦੇ ਆਦਾਨ-ਪ੍ਰਦਾਨ ਨਾਲ , ਪੰਜਾਬ ਫਲਾਂ ਅਤੇ ਸਬਜੀਆਂ ਦੇ ਉਤਪਾਦਨ ਨੂੰ ਵਧਾਉਣ, ਮੰਡੀਕਰਨ ਕਰਨ ਅਤੇ ਵਿਦੇਸ਼ਾਂ ’ਚ ਨਿਰਯਾਤ ਕਰਨ ਵਿੱਚ ਲਾਭ ਲੈ ਸਕਦਾ ਹੈ।

 ਰਾਣਾ ਗੁਰਜੀਤ ਸਿੰਘ ਨੇ ਸਬਜ਼ੀਆਂ ਦੀ ਵੱਧ ਪੈਦਾਵਾਰ ਅਤੇ ਬਿਹਤਰ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਯੂਰਪ ਅਤੇ ਅਮਰੀਕਾ ਵਿੱਚ ਨਦੀਨਾ ਦੀ ਰੋਕਥਾਮ ਲਈ ਵਰਤੇ ਜਾ ਰਹੇ ਨਦੀਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ’ਤੇ ਵੀ ਜ਼ੋਰ ਦਿੱਤਾ 
ਮਹਾਰਾਸ਼ਟਰ ਤੋਂ ਆਏ ਵਫਦ ਦਾ ਨਿੱਘਾ ਸਵਾਗਤ ਕਰਨ ਅਤੇ ਪਰਾਹੁਣਚਾਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਮਹਾਰਾਸ਼ਟਰ  ਦੇ ਬਾਗਬਾਨੀ ਮੰਤਰੀ ਸ੍ਰੀ ਸੰਦੀਪਨ ਭੂਮਰੇ ਨੇ ਕਿਹਾ ਕਿ ਮਹਾਰਾਸ਼ਟਰ,  ਨਿੰਬੂ ਜਾਤੀ ਦੀਆਂ ਫਸਲਾਂ ਵਿਸ਼ੇਸ਼ ਤੌਰ ’ਤੇ ਕਿੰਨੂ ਦੇ ਉਤਪਾਦਨ ਵਿੱਚ ਪੰਜਾਬ ਵਲੋਂ ਕੀਤੀ ਗਈ ਪ੍ਰਗਤੀ ਤੋਂ ਬਹੁਤ ਪ੍ਰਭਾਵਿਤ  ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਦੌਰੇ ਪਿੱਛੇ ਮਹਾਂਰਾਸ਼ਟਰ ਦਾ ਇੱਕ ਮੰਤਵ ਪੰਜਾਬ ਵਿੱਚ ਨਿੰਬੂ ਜਾਤੀ ਦੀਆਂ ਫਸਲਾਂ ਉਗਾਉਣ ਲਈ ਤਕਨੀਕਾਂ ਅਤੇ ਹੋਰ ਤਰੀਕਿਆਂ ਬਾਰੇ ਵਿਗਿਆਨਕ ਗਿਆਨ ਪ੍ਰਾਪਤ ਕਰਨਾ ਅਤੇ ਫਿਰ ਮਹਾਰਾਸ਼ਟਰ  ਵਿੱਚ ਇਨਾਂ ਤਕਨੀਕਾਂ ਨੂੰ ਵਰਤ ਕੇ ਫਸਲਾਂ ਦੇ ਉਤਪਾਦਨ ਨੂੰ ਵਧਾਉਣਾ ਸੀ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਬਾਗਬਾਨੀ ਮੰਤਰੀ ਨੇ ਪੰਜਾਬ ਦੇ ਬਾਗਬਾਨੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਹਾਰਾਸ਼ਟਰ ਰਾਜ ਦਾ ਦੌਰਾ ਕਰਨ ਦਾ ਸੱਦਾ ਵੀ  ਦਿੱਤਾ।
ਆਪਣੀ ਪੰਜਾਬ ਫੇਰੀ ਦੌਰਾਨ ਵਫਦ ਨੇ ਸਬਜੀਆਂ ਦੇ ਸੈਂਟਰ ਆਫ ਐਕਸੀਲੈਂਸ, ਕਰਤਾਰਪੁਰ ਦਾ ਦੌਰਾ ਕੀਤਾ ਅਤੇ ਏਕੀਕਿ੍ਰਤ ਸਪਲਾਈ ਚੇਨ ਬਾਰੇ ਜਾਣਕਾਰੀ ਲਈ। ਉਨਾਂ ਨੇ ਜਲੰਧਰ ਵਿਖੇ ਆਲੂਆਂ ਦੇ ਸੈਂਟਰ ਆਫ ਐਕਸੀਲੈਂਸ ਅਤੇ ਸੈਂਟਰ ਆਫ ਐਕਸੀਲੈਂਸ ਫਾਰ ਸਿਟਰਸ ਐਂਡ ਸਿਟਰਸ ਅਸਟੇਟ, ਹੁਸ਼ਿਆਰਪੁਰ ਦਾ ਵੀ ਦੌਰਾ ਕੀਤਾ। ਉਨਾਂ ਨੇ ਉਪਰੋਕਤ ਸੈਂਟਰ ਆਫ ਐਕਸੀਲੈਂਸ ਅਤੇ ਸਿਟਰਸ ਅਸਟੇਟ ਦੇ ਲਾਭਾਂ ਬਾਰੇ ਜਾਣਕਾਰੀ ਲੈਣ ਲਈ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਤੌਰ ਤੇ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀਮਤੀ ਸੀਮਾ ਜੈਨ, ਬਾਗਬਾਨੀ ਵਿਭਾਗ ਦੇ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ,  ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸੈਲੇਂਦਰ ਕੌਰ, ਸ੍ਰੀ ਬਲਵਿੰਦਰ ਸਿੰਘ ਸਿੱਧੂ, ਕਮਿਸ਼ਨਰ ਖੇਤੀਬਾੜੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

Spread the love

Leave a Reply

Your email address will not be published. Required fields are marked *

Back to top button