Punjab-Chandigarh

ਕੋਵਿਡ ਹਾਲਾਤਾਂ ਵਿੱਚ ਸੁਧਾਰ ਦੇ ਨਾਲ ਮੁੱਖ ਮੰਤਰੀ ਵੱਲੋਂ ਬੰਦਿਸ਼ਾਂ ਵਿੱਚ ਢਿੱਲ ਦਿੰਦਿਆਂ ਅੰਦਰੂਨੀ ਇਕੱਠ 150 ਤੋਂ ਵਧਾ ਕੇ 300 ਅਤੇ ਬਾਹਰੀ ਇਕੱਠ 300 ਤੋਂ ਵਧਾ ਕੇ 500 ਕਰਨ ਦੇ ਹੁਕਮ

ਸੂਬੇ ਭਰ ਵਿੱਚ ਕੋਵਿਡ ਸਥਿਤੀ ’ਚ ਹੋਏ ਸੰਤੁਸ਼ਟੀਜਨਕ ਸੁਧਾਰ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬੰਦਿਸ਼ਾਂ ਵਿੱਚ ਢਿੱਲ ਦਿੰਦਿਆਂ ਰਾਜ ਵਿੱਚ ਅੰਦਰੂਨੀ ਇਕੱਠਾਂ ’ਤੇ ਵਿਅਕਤੀਆਂ ਦੀ ਗਿਣਤੀ 150 ਤੋਂ ਵਧਾ ਕੇ 300 ਕਰਨ ਅਤੇ ਬਾਹਰੀ ਇਕੱਠਾਂ ਵਾਸਤੇ ਇਹ ਗਿਣਤੀ 300 ਤੋਂ ਵਧਾ ਕੇ 500 ਕਰਨ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਇਨਾਂ ਛੋਟਾਂ ਦੇ ਬਾਵਜੂਦ ਕੋਵਿਡ ਪ੍ਰੋਟੋਕੋਲ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।ਸੂਬੇ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਜ਼ਰੂਰੀ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਉਤਸ਼ਾਹਤ ਕਰਨ ਵਾਸਤੇ ਵੀ ਕਿਹਾ। ਇਸੇ ਤਰਾਂ ਉਨਾਂ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਨਿਰਧਾਰਤ ਕੋਵਿਡ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਆਂਗਣਵਾੜੀ ਕੇਂਦਰਾਂ ਨੂੰ ਮੁੜ ਖੋਲਣ ਲਈ ਵੀ ਕਿਹਾ।   

ਕੋਵਿਡ ਦੇ ਮਾਮਲਿਆਂ ਵਿੱਚ ਆਈ ਕਮੀ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਸਿਹਤ ਵਿਭਾਗ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਨਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸਬੰਧੀ ਨਿਯਮਾਂ ਦੀ ਪਾਲਨਾ ਇੰਨ-ਬਿੰਨ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਕੋਵਿਡ ਸਬੰਧੀ ਟੈਸਟ ਕਰਨ ਦੀ ਸਮੱਰਥਾ ਨੂੰ 50000 ਪ੍ਰਤੀ ਦਿਨ ਕਰਨ ਦੇ ਵੀ ਹੁਕਮ ਦਿੱਤੇ।ਇਸ ਮੌਕੇ ਕੋਵਿਡ ਸਬੰਧੀ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਅਲੋਕ ਸ਼ੇਖਰ ਨੇ ਇਕ ਸੰਖੇਪ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਇਕ ਹਫਤੇ ਦੌਰਾਨ ਸੂਬੇ ਵਿਚ ਕੁਲ 232 ਕੋਵਿਡ ਦੇ ਮਾਮਲੇ ਸਾਹਮਣੇ ਆਏ ਸਨ ਜੋ ਕਿ ਪ੍ਰਤੀ ਦਿਨ 33 ਮਾਮਲੇ ਬਣਦੇ ਹਨ। ਉਨਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ 14 ਸਤੰਬਰ ਤੋਂ 20 ਸਤੰਬਰ ਤੱਕ ਬਲੈਕ ਫੰਗਸ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਅਜੇ ਤੱਕ ਇਸ ਬਿਮਾਰੀ ਦਾ ਹੋਰ ਕੋਈ ਵੀ ਮਾਮਲਾ ਸਾਹਮਣਾ ਨਹੀਂ ਆਇਆ।ਪ੍ਰਮੁੱਖ ਸਕੱਤਰ ਸਿਹਤ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਸੂਬੇ ਵਿੱਚ ਕੋਵਿਡ ਸਬੰਧੀ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ ਸੂਬੇ ਵਿਚ ਮੌਜੂਦਾ ਸਮੇਂ ਕੋਵਿਡ ਸਬੰਧੀ ਸਥਿਤੀ ਕਾਬੂ ਹੇਠ ਹੈ ਅਤੇ ਰੋਜਾਨਾ 25000 ਤੋਂ 30000 ਕੋਵਿਡ ਟੈਸਟ ਕੀਤੇ ਜਾ ਰਹੇ ਹਨ ਜਿਨਾਂ ਵਿੱਚ ਵਿਸ਼ੇਸ਼ ਤਵੱਜੋਂ ਵਿਦਿਆਰਥੀਆਂ ਦੇ ਟੈਸਟ ਕਰਨ ਨੂੰ ਦਿੱਤੀ ਜਾ ਰਹੀ ਹੈ। ਸ੍ਰੀ ਸ਼ੇਖਰ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਸੂਬੇ ਦੀ ਆਬਾਦੀ ਨੂੰ ਕੋਵਿਡ ਸਬੰਧੀ ਟੀਕਾਕਰਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 60 ਸਾਲ ਤੋਂ ਉਪਰ ਦੀ 91 ਫੀਸਦੀ ਆਬਾਦੀ, 45 ਤੋਂ 59 ਸਾਲ ਦੀ ਆਬਾਦੀ ਦਾ 77 ਫੀਸਦੀ ਅਤੇ 18 ਤੋਂ 44 ਸਾਲ ਦੇ ਉਮਰ ਵਰਗ ਦੀ 57 ਫੀਸਦੀ ਆਬਾਦੀ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਕੋਲ ਕੋਵੈਕਸੀਨ ਦੀਆਂ 218895 ਖੁਰਾਕਾਂ ਅਤੇ ਕੋਵੀਸ਼ੀਲਡ ਦੀਆਂ 261860 ਖੁਰਾਕਾਂ ਮੌਜੂਦ ਹਨ।

Spread the love

Leave a Reply

Your email address will not be published. Required fields are marked *

Back to top button