Punjab-Chandigarh

ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਮੀਟਿੰਗ ਦੀ ਸ਼ੁਰੂਆਤ ’ਚ ਉੱਤਰ ਪ੍ਰਦੇਸ਼ ਦੇ ਲਖਮੀਰਪੁਰ ਖੀਰੀ ਵਿਚ 3 ਅਕਤੂਬਰ ਨੂੰ ਵਾਪਰੀ ਮੰਦਭਾਗੀ ਘਟਨਾ ਵਿਚ ਜਾਨ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ।

ਮੀਟਿੰਗ ਵਿਚ ਹਾਜ਼ਰ ਮੰਤਰੀਆਂ ਅਤੇ ਅਧਿਕਾਰੀਆਂ ਨੇ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਸੰਕਟ ਦੀ ਘੜੀ ਵਿਚ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਸਹਿਣ ਲਈ ਬਲ ਬਖਸ਼ਣ ਲਈ ਅਰਦਾਸ ਕੀਤੀ।

ਇਸ ਦੌਰਾਨ ਮੰਤਰੀ ਮੰਡਲ ਨੇ ਅਫਸੋਸ ਜ਼ਾਹਰ ਕੀਤਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਸਮੇਂ ਸਾਡੇ ਅੰਨਦਾਤਿਆਂ ਦੀ ਜਾਨ ਚਲੀ ਗਈ। ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਘਿਨਾਉਣੀ ਕਾਰਵਾਈ ਦੇ ਪਰਦੇ ਪਿਛਲੇ ਅਸਲ ਦੋਸ਼ੀਆਂ ਦੇ ਚਿਹਰਿਆਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਉਹ ਕਿੰਨਾ ਵੀ ਅਸਰ-ਰਸੂਖ ਜਾਂ ਪਹੁੰਚ ਰੱਖਦੇ ਹੋਣ। ਮੰਤਰੀ ਮੰਡਲ ਨੇ ਤਹੱਈਆ ਕਰਦਿਆਂ ਕਿਹਾ ਕਿ ਬੇਕਸੂਰ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਇਨਸਾਫ ਦਿੱਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਇਸ ਮੰਦਭਾਗੀ ਘਟਨਾ ਵਿਚ ਜਾਨ ਚਲੀ ਗਈ।

ਮੰਤਰੀ ਮੰਡਲ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਤੁਰੰਤ ਘੋਖਣ ਅਤੇ ਰੱਦ ਦੀ ਜ਼ਰੂਰਤ ਨੂੰ ਦੁਹਰਾਉਂਦਿਆਂ ਕਿਹਾ ਕਿ ਇਨ੍ਹਾਂ ਕਰਕੇ ਹੀ ਕਿਸਾਨਾਂ ਵਿਚ ਰੋਸ ਪੈਦਾ ਹੋਇਆ ਹੈ ਅਤੇ ਇਹੀ ਕਾਨੂੰਨ ਟਾਲੇ ਜਾ ਸਕਣ ਵਾਲੇ ਇਸ ਜਾਨੀ ਨੁਕਸਾਨ ਦੀ ਜੜ੍ਹ ਹਨ।

ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੰਤਰੀ ਮੰਡਲ ਨੇ ਦੁੱਖ ਦੀ ਇਸ ਘੜੀ ਵਿਚ ਕਿਸਾਨ ਭਾਈਚਾਰੇ ਨਾਲ ਇਕਜੁੱਟਤਾ ਜ਼ਾਹਰ ਕੀਤੀ ਅਤੇ ਮੀਟਿੰਗ ਹੋਰ ਕਿਸੇ ਕੰਮਕਾਜ ਤੋਂ ਬਿਨਾਂ ਸਮਾਪਤ ਹੋ ਗਈ।

Spread the love

Leave a Reply

Your email address will not be published. Required fields are marked *

Back to top button