ਖੇਤੀਬਾੜੀ ਵਿਭਾਗ ਦੇ ਕੈਂਪ ਦੌਰਾਨ ਕਿਸਾਨਾਂ ਨੇ ਪਰਾਲੀ ਦੀ ਸਾਂਭ ਸਬੰਧੀ ਤਜਰਬੇ ਸਾਂਝੇ ਕੀਤੇ
ਪਟਿਆਲਾ, 13 ਸਤੰਬਰ:
ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਦੀਆਂ ਹਦਾਇਤਾਂ ਹੇਠ ਪਿੰਡ ਧਰੇੜੀ ਜੱਟਾਂ ਬਲਾਕ ਪਟਿਆਲਾ ਵਿਖੇ ਪਰਾਲੀ ਦੀ ਸਾਂਭ ਸੰਭਾਲ ਅਤੇ ਝੋਨੇ ਦੀ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਧਰੇੜੀ ਜੱਟਾਂ, ਆਲਮਪੁਰ, ਮਿੱਠੂ ਮਾਜਰਾ ਅਤੇ ਚਮਾਰਹੇੜੀ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।
ਕੈਂਪ ਦੌਰਾਨ ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਦਾ ਤਜਰਬਾ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਵਧੀਆ ਪੈਦਾਵਾਰ ਹਾਸਲ ਕਰ ਰਹੇ ਹਨ ਅਤੇ ਸਮਾਜ ਨੂੰ ਸਾਫ਼ ਵਾਤਾਵਰਣ ਦੇਣ ਵਿਚ ਸਹਿਯੋਗ ਦੇ ਰਹੇ ਹਨ।
ਹਾਜ਼ਰ ਕਿਸਾਨਾਂ ਨੂੰ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਪਰਾਲੀ ਪ੍ਰਬੰਧਨ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੇ ਵੀ ਪਰਾਲੀ ਦੀ ਸਾਂਭ ਸੰਭਾਲ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਨਵੀਆਂ ਤਕਨੀਕਾਂ ਅਪਣਾਉਣ ਲਈ ਕਿਹਾ।
ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਉੱਪਰ ਆ ਰਹੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਮਾਣਿਤ ਦਵਾਈਆਂ ਦਾ ਸਪਰੇਅ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਸਹਿਕਾਰੀ ਸਭਾ ਧਰੇੜੀ ਜੱਟਾਂ ਦੇ ਸਕੱਤਰ ਦਰਸ਼ਨ ਸਿੰਘ ਅਤੇ ਸੀਨੀਅਰ ਪ੍ਰਧਾਨ ਜਸਵੀਰ ਸਿੰਘ ਅਤੇ ਇੰਦਰਜੀਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਇਸ ਕੈਂਪ ਵਿਚ ਸਰਪੰਚ ਹਰਿੰਦਰ ਸਿੰਘ, ਪੰਚਾਇਤ ਮੈਂਬਰ ਸਤਵਿੰਦਰ ਸਿੰਘ, ਨੰਬਰਦਾਰ ਰਾਮ ਸਿੰਘ, ਏ.ਟੀ.ਐਮ ਕਮਲਦੀਪ ਸਿੰਘ ਅਤੇ ਅਕਾਊਂਟੈਂਟ ਆਤਮਾ ਗੁਰਕ੍ਰਿਪਾਲ ਸਿੰਘ ਸ਼ਾਮਲ ਸਨ।