ਮੁੱਖ ਸਕੱਤਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕੰਪਿਊਟਰੀ ਸਿੱਖਿਆ ‘ਤੇ ਜ਼ੋਰ
ਚੰਡੀਗੜ੍ਹ, 17 ਸਤੰਬਰ:
ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪਿਕਟਸ ਸੁਸਾਇਟੀ (ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੌਜੀ ਐਜੂਕੇਸ਼ਨ ਸੁਸਾਇਟੀ) ਦੀ 28ਵੀਂ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ਵਿਚ ਐਜੂਸੈੱਟ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ੀ ਦੇ ਮੌਜੂਦਾ ਦੌਰ ਵਿਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰੀ ਸਿੱਖਿਆ ਵੱਲ ਖਾਸ ਤਵੱਜੋਂ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਪੱਖੋਂ ਘੱਟ ਨਾ ਰਹਿਣ ਇਸ ਮਕਸਦ ਲਈ ਪਿਕਟਸ ਸੁਸਾਇਟੀ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦੀ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਲਈ ਪਹਿਲੇ ਦਿਨ ਤੋਂ ਹੀ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ, ਖਾਸ ਤੌਰ ‘ਤੇ ਪਿਕਟਸ ਸੁਸਾਇਟੀ ਰਾਹੀਂ ਕਰਵਾਈ ਜਾਣ ਵਾਲੀ ਕੰਪਿਊਟਰ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਿਕਟਸ ਸੁਸਾਇਟੀ ਅਧੀਨ ਪੰਜਾਬ ਦੇ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ, ਆਈਸੀਟੀ ਹਾਰਡਵੇਅਰ ਅਤੇ ਐਜੂਸੈੱਟ ਰਾਹੀਂ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਐਜੂਸੈੱਟ ਸਿੱਖਿਆ ਪ੍ਰਣਾਲੀ ਅਧੀਨ 3289 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਲਟੀਮੀਡੀਆ ਬੇਸ ਅਤੇ ਈ-ਕੰਟੈਂਟ ਦੀ ਸਹਾਇਤਾ ਨਾਲ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਮੀਟਿੰਗ ਦੌਰਾਨ ਐਜੂਸੈੱਟ ਅਧੀਨ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਏਜੰਡੇ ਵੀ ਵਿਚਾਰੇ ਗਏ ਅਤੇ ਟ੍ਰਾਂਸਮਿਸ਼ਨ ਹੱਬ ਅਤੇ ਸਟੂਡੀਓਜ਼ ਆਦਿ ਨੂੰ ਨਵੀਂ ਤਕਨਾਲੋਜੀ ਨਾਲ ਅੱਪਗ੍ਰੇਡ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ਵਿਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵਿੱਤ ਅਤੇ ਯੋਜਨਾ ਵਿਭਾਗ, ਤਕਨੀਕੀ ਸਿੱਖਿਆ ਵਿਭਾਗ, ਪ੍ਰਸ਼ਾਸ਼ਕੀ ਸੁਧਾਰ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪਿਕਟਸ ਸੁਸਾਇਟੀ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।