ਪੀ.ਪੀ.ਐਸ.ਸੀ ਨੇ ਸਥਾਨਕ ਸਰਕਾਰਾਂ ਤੇ ਲੋਕ ਨਿਰਮਾਣ ਵਿਭਾਗਾਂ ’ਚ ਅਸਿਸਟੈਂਟ ਆਰਕੀਟੈਕਟ ਦੀਆਂ ਅਸਾਮੀਆਂ ਦੇ ਨਤੀਜੇ ਐਲਾਨੇ
ਪਟਿਆਲਾ, 28 ਅਗਸਤ, 2024:
ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨ ਵੱਲੋਂ ਸਥਾਨਕ ਸਰਕਾਰਾਂ ਅਤੇ ਲੋਕ ਨਿਰਮਾਣ ਵਿਭਾਗ ਵਿੱਚ ਅਸਿਸਟੈਂਟ ਆਰਕੀਟੈਕਟ ਦੀਆਂ ਅਸਾਮੀਆਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ (ਨਗਰ ਨਿਗਮ) ਦੀਆਂ ਅਸਿਸਟੈਂਟ ਆਰਕੀਟੈਕਟ ਦੀਆਂ 10 ਅਸਾਮੀਆਂ ਅਤੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਅੰਦਰ 13 ਅਸਾਮੀਆਂ ਦਾ ਨਤੀਜਾ ਪੀ.ਪੀ.ਐਸ.ਸੀ. ਦੀ ਵੈੱਬਸਾਈਟ www.ppsc.gov.in ‘ਤੇ ਅੱਪਲੋਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਕੁੱਲ 296 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ।
ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੇ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਵਿੱਚ ਸਹਾਇਕ ਟਾਊਨ ਪਲਾਨਰ ਦੀਆਂ 19 ਅਸਾਮੀਆਂ ਲਈ 9 ਅਤੇ 10 ਸਤੰਬਰ ਨੂੰ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹਾਇਕ ਟਾਊਨ ਪਲਾਨਰ ਦੀ ਅਸਾਮੀ ਲਈ 251 ਉਮੀਦਵਾਰਾਂ ਵਿੱਚੋਂ, 22 ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਸਬੰਧੀ ਪੂਰੇ ਵੇਰਵੇ ਪੀ.ਪੀ.ਐਸ.ਸੀ ਦੀ ਵੈੱਬਸਾਈਟ ’ਤੇ ਅੱਪਲੋਡ ਕੀਤੇ ਗਏ ਹਨ।
ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੀ.ਪੀ.ਐਸ.ਸੀ. ਵੱਲੋਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ’ਚ ਗਰੁੱਪ ਏ ਅਤੇ ਗਰੁੱਪ ਬੀ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ ਅਤੇ ਇਸ ਸਬੰਧੀ ਸਮੇਂ ਸਮੇਂ ’ਤੇ ਜਾਣਕਾਰੀ ਵਿਭਾਗ ਦੀ ਵੈੱਬਸਾਈਟ ’ਤੇ ਅੱਪਲੋਡ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਦੀ ਵਰਤੋਂ ਕਰਨ।