ਪੀ.ਡੀ.ਏ. ਦਫ਼ਤਰ ਵਿਖੇ ਐਨ.ਓ.ਸੀ. ਅਪਲਾਈ ਕਰਨ ਲਈ ਸਿੰਗਲ ਵਿੰਡੋ ਸਥਾਪਤ
ਪਟਿਆਲਾ, 13 ਜੁਲਾਈ:
ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਸਨਮੁੱਖ ਅਤੇ ਮੁੱਖ ਪ੍ਰਸ਼ਾਸਕ, ਪੀ.ਡੀ.ਏ. ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਣ-ਅਧਿਕਾਰਤ ਕਲੋਨੀਆਂ ਅਤੇ ਉਨ੍ਹਾਂ ਵਿੱਚ ਪੈਂਦੇ ਪਲਾਟਾਂ ਤੇ ਬਿਲਡਿੰਗਾਂ ਸਬੰਧੀ ਐਨ.ਓ.ਸੀ. ਅਪਲਾਈ ਕਰਨ ਲਈ ਅਤੇ ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲੈਣ ਲਈ ਪੀ.ਡੀ.ਏ. ਦਫ਼ਤਰ ਵਿਖੇ ਸਿੰਗਲ ਵਿੰਡੋ ਤੇ ਇੱਕ ਕਾਊਂਟਰ ਸਥਾਪਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਾਇਰੈਕਟਰ ਨਗਰ ਤੇ ਗਰਾਮ ਯੋਜਨਾਬੰਦੀ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ: 2810 ਮਿਤੀ 23 ਜੂਨ 2022 ‘ਚ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਮਿਊਂਸੀਪਲ ਖੇਤਰ ਤੋਂ ਬਾਹਰ ਪੈਂਦੇ ਪਲਾਟਾਂ ਤੇ ਬਿਲਡਿੰਗਾਂ ਦੇ ਐਨ.ਓ.ਸੀ. ਵਧੀਕ ਮੁੱਖ ਪ੍ਰਸ਼ਾਸਕ, ਪੀ.ਡੀ.ਏ. ਪਟਿਆਲਾ ਦੇ ਪੱਧਰ ‘ਤੇ ਜਾਰੀ ਕੀਤੇ ਜਾਣੇ ਹਨ।
ਇਸ ਤੋਂ ਇਲਾਵਾ ਮਿਊਂਸੀਪਲ ਖੇਤਰ ਤੋਂ ਬਾਹਰ ਪੀ.ਡੀ.ਏ. ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸੰਗਰੂਰ, ਮਲੇਰਕੋਟਲਾ, ਬਰਨਾਲਾ ਅਤੇ ਫਤਿਹਗੜ ਸਾਹਿਬ ਦੇ ਪਲਾਟਾਂ ਤੇ ਬਿਲਡਿੰਗਾਂ ਦੇ ਐਨ.ਓ.ਸੀ. ਸਬੰਧਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੱਲੋਂ ਜਾਰੀ ਕੀਤੇ ਜਾਣਗੇ। ਮੁੱਖ ਪ੍ਰਸ਼ਾਸਕ, ਪੀ.ਡੀ.ਏ. ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਸਿੰਗਲ ਵਿੰਡੋ ਦਾ ਮੁੱਖ ਮੰਤਵ ਇਹ ਹੈ ਕਿ ਆਮ ਜਨਤਾ ਬਿਨਾਂ ਕਿਸੇ ਮੁਸ਼ਕਲ ਦੇ ਐਨ.ਓ.ਸੀ. ਲਈ ਅਪਲਾਈ ਕਰ ਸਕੇ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦੀ ਕੋਈ ਜਾਣਕਾਰੀ ਪ੍ਰਾਪਤ ਕਰ ਸਕੇ।