ਭਾਰਤੀ ਚੋਣ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਯੁਵਕ ਦਿਵਸ ਮੌਕੇ ਡਾਕੂਮੈਂਟਰੀ ਫਿਲਮਾਈ
ਪਟਿਆਲਾ, 12 ਜਨਵਰੀ:
ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਰਤੀ ਚੋਣ ਕਮਿਸ਼ਨ ਵੱਲੋਂ ਯੁਵਕ ਦਿਵਸ ਮੌਕੇ ਜ਼ਿਲ੍ਹਾ ਆਈਕਨ ਸਵੀਪ ਪ੍ਰੋਜੈਕਟ ਅਤੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਹਾਕੀ ਕੈਂਪ ਦੀਆਂ ਖਿਡਾਰਨਾਂ ਉਪਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਅਤੇ ਦਿਵਿਆਂਗਜਨ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਡਾਕੂਮੈਂਟਰੀ ਫਿਲਮਾਈ ਗਈ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜ਼ਿਲ੍ਹਾ ਆਈਕਨ ਸਵੀਪ ਅਤੇ ਖਿਡਾਰੀਆਂ ਦੀ ਮਦਦ ਨਾਲ ਵੱਡੇ ਪੱਧਰ ਉਪਰ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਲੋਕ ਗਾਇਕ ਅਤੇ ਯੁਵਾ ਆਈਕਨ ਉਜਾਗਰ ਅਨਟਾਲ, ਜਗਵਿੰਦਰ ਸਿੰਘ ਸਾਈਕਲਿਸਟ ਜ਼ਿਲ੍ਹਾ ਆਈਕਨ ਦਿਵਿਆਂਗਜਨ ਜਗਦੀਪ ਸਿੰਘ ਬੋਲਣ ਸੁਨਣ ਤੋਂ ਅਸਮਰਥ ਜ਼ਿਲ੍ਹਾ ਕੋਆਰਡੀਨੇਟਰ ਦਿਵਿਆਂਗਜਨ ਅਤੇ ਜ਼ਿਲ੍ਹਾ ਆਈਕਨ ਨੂੰ ਉਹਨਾਂ ਦੇ ਖੇਤਰਾਂ ਵਿੱਚ ਪ੍ਰਾਪਤੀਆਂ ਲਈ ਡਾਕੂਮੈਂਟਰੀ ਵਿੱਚ ਫ਼ਿਲਮਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਹਾਕੀ ਟੀਮ ਜੋ ਕਿ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਹਾਕੀ ਕੈਂਪ ਦੀ ਤਿਆਰੀ ਕਰ ਰਹੀ ਨੂੰ ਵੀ ਮੁੱਖ ਕੋਚ ਮੀਨਾਕਸ਼ੀ ਰੰਧਾਵਾ ਅਤੇ ਕਪਤਾਨ ਸ਼ਾਲੂ ਦੇ ਨਾਲ ਇਸ ਡਾਕੂਮੈਂਟਰੀ ਲਈ ਫ਼ਿਲਮਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਸਿੱਖਿਆ ਵਿਭਾਗ ਦੇ ਸੁਪਰਡੈਂਟ ਰਘਵੀਰ ਸਿੰਘ ਨੂੰ ਵੀ ਫ਼ਿਲਮਾਇਆ ਗਿਆ। ਇਹ ਪੂਰੇ ਪ੍ਰੋਗਰਾਮ ਦੀ ਦੇਖ ਰੇਖ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਹਲਕਾ ਸਨੌਰ ਦੇ ਸਵੀਪ ਨੋਡਲ ਅਧਿਕਾਰੀ ਸਤਵੀਰ ਸਿੰਘ ਗਿੱਲ ਕਰ ਰਹੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਟਿਵਾਣਾ ਨੇ ਦੱਸਿਆ ਕਿ ਡਾਕੂਮੈਂਟਰੀ ਦਾ ਮੁੱਖ ਉਦੇਸ਼ 100 ਫ਼ੀਸਦੀ ਵੋਟਿੰਗ ਅਤੇ 100 ਫ਼ੀਸਦੀ ਵੈਕਸੀਨੇਸ਼ਨ ਹੈ।