ਪਟਿਆਲਾ ਦੇ ਸਾਬਕਾ ਮੇਅਰ ਅਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਪੁੱਤਰ ਅਜੀਤਪਾਲ ਸਿੰਘ ਕੋਹਲੀ ਨੇ ਫੜਿਆ ਝਾੜੂ
Story by Baljeet Singh :
(ਪਟਿਆਲਾ )ਪਟਿਆਲਾ ਦੇ ਸਾਬਕਾ ਮੇਅਰ ਸਰਦਾਰ ਅਜੀਤਪਾਲ ਸਿੰਘ ਕੋਹਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਕੲੀ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਅਤੇ ਮੀਡੀਆ ਦੇ ਹਵਾਲੇ ਨਾਲ ਮਿਲ ਰਹੀਆਂ ਖਬਰਾਂ ਆਖ਼ਰ ਸੱਚ ਸਾਬਤ ਹੋਈਆਂ ਅਤੇ ਅੱਜ ਚੰਡੀਗੜ੍ਹ ਵਿਖੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਐਮਪੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸਰਦਾਰ ਅਜੀਤਪਾਲ ਸਿੰਘ ਕੋਹਲੀ ਨੇ ਝਾੜੂ ਫੜ ਲਿਆ।
ਸਥਾਨਕ ਸ਼ਹਿਰ ਦੇ ਸਿਆਸੀ ਅਤੇ ਮੀਡੀਆ ਹਲਕਿਆਂ ਵਿੱਚ ਕੲੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਸਾਬਕਾ ਅਕਾਲੀ ਮੇਅਰ ਅਜੀਤਪਾਲ ਸਿੰਘ ਕੋਹਲੀ ਆਪ ਦਾ ਝਾੜੂ ਫ਼ੜ ਸਕਦੇ ਹਨ। ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਪੁੱਤਰ ਅਜੀਤਪਾਲ ਬਾਰੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਸ਼ਾਮਲ ਹੋਣ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਬਣਾ ਸਕਦੀ ਹੈ।ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਹਿੰਦੂ ਚਿਹਰੇ ਹਰਪਾਲ ਜੁਨੇਜਾ ਨੂੰ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਬਣਾਇਆ ਜਾ ਚੁੱਕਾ ਹੇ ਅਤੇ ਦੂਜੇ ਪਾਸੇ ਭਾਜਪਾ ਨਾਲ ਆਪਣੀ ਨਵੀਂ ਪਾਰਟੀ “ਪੰਜਾਬ ਲੋਕ ਕਾਂਗਰਸ” ਦਾ ਗਠਜੋੜ ਕਰ ਚੁੱਕੇ ਹਨ ਅਤੇ ਉਹਨਾਂ ਦਾ ਇੱਥੋਂ ਲੜਨਾ ਤੈਅ ਮੰਨਿਆ ਜਾ ਰਿਹਾ ਹੈ। ਇਹਨਾਂ ਸਾਰੇ ਸਮੀਕਰਨਾਂ ਕਰਕੇ ਆਮ ਆਦਮੀ ਪਾਰਟੀ ਇੱਥੋਂ ਕਿਸੇ ਸਿੱਖ ਚਿਹਰੇ ਦੀ ਭਾਲ਼ ਵਿੱਚ ਸੀ। ਕਿਉਂਕਿ ਪਟਿਆਲਾ ਸ਼ਹਿਰੀ ਹਲਕੇ ਵਿੱਚ ਸਿੱਖ ਵੋਟਰਾਂ ਦੀ ਗਿਣਤੀ ਬਹੁਗਿਣਤੀ ਵਿੱਚ ਹੈ। ਇਸ ਕਰਕੇ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਇੱਥੋਂ ਸਿੱਖ ਚਿਹਰੇ ਨੂੰ ਹੀ ਉਮੀਦਵਾਰ ਬਣਾਉਣਾ ਚਾਹੁੰਦੀ ਸੀ। ਅਜੀਤਪਾਲ ਸਿੰਘ ਕੋਹਲੀ ਦੇ ਆਪ ਵਿੱਚ ਸ਼ਾਮਲ ਨਾਲ ਇੱਥੇ ਹੁਣ ਦਿਲਚਸਪ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ ਕਿਉਂਕਿ ਕੋਹਲੀ ਪਰਿਵਾਰ ਦਾ ਵੀ ਪਟਿਆਲਾ ਵਿੱਚ ਕਾਫ਼ੀ ਵੱਡਾ ਆਧਾਰ ਹੈ। ਇਸਦੇ ਨਾਲ ਹੀ ਸੂਤਰਾਂ ਅਨੁਸਾਰ ਟਿਕਟ ਦੀ ਆਸ ਲਾਈ ਬੈਠੇ ਕੲੀ ਸਾਲਾਂ ਪਾਰਟੀ ਦੀ ਬਿਹਤਰੀ ਲਈ ਕੰਮ ਕਰ ਰਹੇ ਕੁਝ ਸਥਾਨਕ ਆਗੂਆਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਆਮ ਆਦਮੀ ਪਾਰਟੀ ਨੂੰ ਕਰਨਾ ਪੈ ਸਕਦਾ ਹੈ।