Punjab-Chandigarh

ਭਾਈਚਾਰਕ ਸਾਂਝ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ

Story by Baljeet Singh :

ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ ਮਾਘੀ ਤੋਂ ਇਕ ਦਿਨ ਪਹਿਲਾਂ 13 ਜਨਵਰੀ ਵਾਲੇ ਦਿਨ ਇਹ ਤਿਉਹਾਰ ਬੜੇ ਹੀ ਚਾਵਾਂ ਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਆਪਸੀ ਭਾਈਚਾਰਕ ਸਾਂਝ ਤੇ ਧੀਆਂ ਦੇ ਮਾਣ ਸਤਿਕਾਰ ਦਾ ਪ੍ਰਤੀਕ ਲੋਹੜੀ ਦਾ ਇਹ ਤਿਉਹਾਰ ਭਾਵੇਂ ਕਿ ਪਰਿਵਾਰਕ ਸਾਂਝਾਂ ਤੇ ਕਦਰਾਂ-ਕੀਮਤਾਂ ਵਾਲਾ ਪੰਜਾਬੀਆਂ ਦਾ ਵੱਡਾ ਸਮਾਜਿਕ ਤਿਉਹਾਰ ਹੈ। ਇਹ ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਲੋਂ ਵੀ ਮਨਾਇਆ ਜਾਂਦਾ ਹੈ।
ਜੇਕਰ ਇਸ ਤਿਉਹਾਰ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਕਿ ਇਸਦਾ ਕੋਈ ਧਾਰਮਿਕ ਇਤਿਹਾਸ ਨਹੀਂ ਹੈ। ਇਸਦੀਆਂ ਕੲੀ ਹੋਰ ਦੰਦ ਕਥਾਵਾਂ ਵੀ ਸੁਣਨ ਨੂੰ ਮਿਲਦੀਆਂ ਹਨ । ਪਰੰਤੂ ਅਕਬਰ ਬਾਦਸ਼ਾਹ ਦੇ ਸਮੇਂ ਦੁੱਲਾ ਭੱਟੀ ਜਿਹੜਾ ਕਿ ਅਮੀਰਾਂ ਤੋਂ ਲੁੱਟਿਆ ਧਨ ਗਰੀਬ ਲੋਕਾਂ ਨੂੰ ਵੰਡ ਦੇਣ ਵਾਲਾ ਕਿਰਦਾਰ ਵਾਲੀ ਲੋਕ ਕਥਾ ਪੰਜਾਬੀਆਂ ਵਿੱਚ ਜ਼ਿਆਦਾ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਕਿ ਦੁੱਲਾ ਭੱਟੀ ਇਕ ਡਾਕੂ ਸੀ ਅਤੇ ਉਸਨੇ ਇਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਨੂੰ ਮੌਕੇ ਦੇ ਹਾਕਮ ਦੇ ਅਗਵਾਕਾਰਾਂ ਦੇ ਚੁੰਗਲ਼ ਵਿਚੋਂ ਛੁਡਵਾ ਕੇ ਉਹਨਾਂ ਨੂੰ ਧਰਮ ਦੀਆਂ ਧੀਆਂ ਬਣਾਕੇ ਆਪਣੇ ਹੱਥੀਂ ਉਹਨਾਂ ਦਾ ਵਿਆਹ ਕੀਤਾ ਤੇ ਦੋਹਾਂ ਦੇ ਪੱਲੇ ਸੇਰ ਸੇਰ ਸ਼ੱਕਰ ਪਾਈ। ਇਸ ਘਟਨਾ ਦੀ ਯਾਦ ਵਿੱਚ ਇਹ ਤਿਉਹਾਰ ਅੱਗ ਬਾਲਕੇ ਵੀ ਮਨਾਇਆ ਜਾਣ ਲੱਗਾ ਜੋਕਿ ਅੱਜ ਵੀ ਜਾਰੀ ਹੈ ਤੇ ਲੋਹੜੀ ਹਰ ਘਰ ਬਾਲ਼ੀ ਜਾਂਦੀ ਹੈ।
ਭਾਵੇਂ ਕਿ ਲੋਹੜੀ ਮੰਗਣ ਦਾ ਚਲਨ ਅਜੋਕੇ ਸਮੇਂ ਵਿੱਚ ਕਾਫ਼ੀ ਘਟ ਚੁੱਕਾ ਹੈ ਪਰ ਅੱਜ ਵੀ ਗਲੀਆਂ ਵਿੱਚ ਲੋਹੜੀ ਮੰਗਣ ਵਾਲੀਆਂ ਛੋਟੇ ਛੋਟੇ ਮੁੰਡੇ ਕੁੜੀਆਂ ਦੀਆਂ ਟੋਲੀਆਂ ਇਹ ਗੀਤ ਗਾਉਂਦੀਆਂ ਰਹਿੰਦੀਆਂ ਹਨ
ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ
ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦਾ ਸਾਲੂ ਪਾਟਾ ਹੋ
ਕੁੜੀ ਦਾ ਜੀਵੇ ਚਾਚਾ ਹੋ
ਪਿੰਡਾਂ ਵਿੱਚ ਲੋਹੜੀ ਮੰਗਣ ਵਾਲੀਆਂ ਮੁੰਡੇ ਕੁੜੀਆਂ ਦੀਆਂ ਇਹ ਟੋਲੀਆਂ ਅਕਸਰ ਇਹ ਗੀਤ ਗਾਉਂਦੀਆਂ ਫਿਰਦੀਆਂ ਹਨ
ਦੇਹ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ
ਦੇਹ ਮਾਈ ਲੋਹੜੀ ਤੇਰੀ ਜੀਵੇ ਜੋੜੀ
ਜਦੋਂ ਕੋਈ ਘਰ ਵਾਲਾ ਲੋਹੜੀ ਦੇਣ ਵਿੱਚ ਦੇਰ ਕਰਦਾ ਹੈ ਤਾਂ ਇਹ ਟੋਲੀਆਂ ਇਹ ਸਤਰਾਂ ਬੋਲਦੀਆਂ ਹਨ
ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ
ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਜਦ ਕੋਈ ਘਰ ਵਾਲਾ ਫਿਰ ਵੀ ਇਹਨਾਂ ਨੂੰ ਲੋਹੜੀ ਨਾ ਦੇਵੇ ਤਾਂ ਫਿਰ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਤੁਰ ਜਾਂਦੀਆਂ ਹਨ
ਹੁੱਕਾ ਬਈ ਹੁੱਕਾ ਇਹ ਘਰ ਭੁੱਖਾ
ਖਾਸਕਰਕੇ ਧੀਆਂ ਨੂੰ ਇਸ ਤਿਉਹਾਰ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਕਿਉਂਕਿ ਮਾਪੇ ਆਪਣੀਆਂ ਧੀਆਂ ਨੂੰ ਲੋਹੜੀ ਦੇ ਰੂਪ ਵਿੱਚ ਆਪੋ ਆਪਣੀ ਸਮਰੱਥਾ ਮੁਤਾਬਕ ਮੂੰਗਫਲੀ, ਰਿਉੜੀਆਂ, ਗੱਚਕ, ਤੇ ਮਠਿਆਈ ਆਦਿਕ ਦੇ ਨਾਲ ਹੋਰ ਸਮਾਨ ਤੇ ਨਗਦੀ ਵਗੈਰਾ ਵੀ ਦਿੰਦੇ ਹਨ। ਖਾਸਕਰ ਜਦੋਂ ਮਾਪਿਆਂ ਦੇ ਘਰ ਪੁੱਤਰ ਪੈਦਾ ਹੋਵੇ ਜਾਂ ਵਿਆਹਿਆ ਜਾਵੇ ਤਾਂ ਪਹਿਲੀ ਲੋਹੜੀ ਬਾਲ਼ੀ ਜਾਂ ਮਨਾਈ ਜਾਂਦੀ ਹੈ,ਲੋਹੜੀ ਵੰਡੀ ਵੀ ਜਾਂਂਦੀ ਹੈ ਅਤੇ ਇਸ ਖੁਸ਼ੀ ਦੇ ਮੌਕੇ ਤੇ ਸ਼ਰੀਕੇ ਤੇ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਜਾਂਦਾ ਹੈ। ਮਾਪੇ- ਭਰਾ ਆਪਣੀਆਂ ਧੀਆਂ ਭੈਣਾਂ ਨੂੰ ਵਿਸ਼ੇਸ਼ ਲੋਹੜੀ ਵੀ ਦਿੰਦੇ ਹਨ। ਅੱਜਕਲ੍ਹ ਤਾਂ ਲੋਕ ਘਰਾਂ ਵਿੱਚ ਡੀਜੇ ਵਗੈਰਾ ਲਗਾਕੇ ਲੋਹੜੀ ਮਨਾਉਂਦੇ ਹਨ।
ਸਮੇਂ ਦੇ ਨਾਲ-ਨਾਲ ਸਮਾਜ਼ ਵਿੱਚ ਕਾਫ਼ੀ ਵੱਡਾ ਬਦਲਾਅ ਆਉਂਦਾ ਜਾ ਰਿਹਾ ਹੈ ਜਿੱਥੇ ਪਹਿਲਾਂ ਲੋਕ ਸਿਰਫ ਨਵੇਂ ਜੰਮੇ ਪੁੱਤਰਾਂ ਦੀਆਂ ਲੋਹੜੀਆਂ ਮਨਾਉਂਦੇ ਸਨ ਪਰ ਹੁਣ ਨਵਜੰਮੀਆਂ ਧੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗੀ ਹੈ। ਜਿਹੜਾ ਕਿ ਇਕ ਬਹੁਤ ਹੀ ਵਧੀਆ ਚਲਨ ਹੈ ਤੇ ਸਮਾਜ ਵਾਸਤੇ ਇਕ ਵਧੀ ਸੰਦੇਸ਼ ਵੀ ਹੈ। ਧੀਆਂ ਨੂੰ ਕੁੱਖਾਂ ਵਿੱਚ ਮਾਰਨ ਤੋਂ ਰੋਕਣ ਅਤੇ ਉਹਨਾਂ ਨੂੰ ਪੁੱਤਾਂ ਜਿੰਨਾ ਪਿਆਰ ਕਰਨ ਦੇ ਸੰਦੇਸ਼ ਦੇਣ ਲਈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਬੜੇ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਿ ਇਕ ਚੰਗਾ ਰੁਝਾਨ ਹੈ ਅਤੇ ਇਸ ਦਾ ਲੋਕਾਂ ਵਿੱਚ ਵਧੀਆ ਸੰਦੇਸ਼ ਵੀ ਜਾ ਰਿਹਾ ਹੈ। ਇਹਨਾਂ ਸਮਾਜ ਸੇਵੀ ਸੰਸਥਾਵਾਂ ਵਲੋਂ ” ਦੀਆਂ ਦੀ ਲੋਹੜੀ” ਮਨਾਏ ਜਾਣ ਨਾਲ ਸਮਾਜ ਵਿੱਚ ਇਹ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਕਿ “ਧੀਆਂ ਵੀ ਪੁੱਤਰਾਂ ਜਿੰਨੇਂ ਪਿਆਰ ਸਤਿਕਾਰ ਦੀਆਂ ਹੱਕਦਾਰ ਹਨ।
ਇਸ ਤਰ੍ਹਾਂ ਲੋਹੜੀ ਦੀ ਸ਼ਾਮ ਨੂੰ ਘਰਾਂ ਵਿੱਚ ਪਾਥੀਆਂ ਤੇ ਲੱਕੜਾਂ ਇਕਠੀਆਂ ਚਿਣਕੇ ਲੋਹੜੀ ਬਾਲੀ ਜਾਂਦੀ ਹੈ ਜਿਸਨੂੰ ਭੁੱਗਾ ਬਾੱਲਣਾ ਵੀ ਆਖਿਆ ਜਾਂਦਾ ਹੈ, ਬਾਲਕੇ ਰਿਸ਼ਤੇਦਾਰ ਤੇ ਗਲ਼ੀ ਮੁਹੱਲੇ ਵਾਲੇ ਇਕੱਠੇ ਬੈਠਕੇ ਦੇਰ ਰਾਤ ਭੁੱਗਾ ਠੰਡਾ ਹੋਣ ਤੱਕ ਇਹ ਧੂਣੀ ਸੇਕਦੇ ਤੇ ਮੁੰਗਫ਼ਲੀ ਗੱਚਕ ਰਿਉੜੀਆਂ ਆਦਿ ਖਾਂਦੇ ਰਹਿੰਦੇ ਹਨ। ਇਸ ਮੌਕੇ ਔਰਤਾਂ ਵਲੋਂ ਲੋਹੜੀ ਦੇ ਗੀਤ ਵੀ ਬੋਲੇ ਜਾਂਦੇ ਨੇ ਅਤੇ ਕੲੀ ਘਰਾਂ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ ਤੇ ਗਿੱਧੇ ਭੰਗੜੇ ਪਾਏ ਜਾਂਦੇ ਹਨ। ਲਾਲਪਰੀ ਦੀਆਂ ਮਹਿਫਲਾਂ ਵੀ ਸਜਦੀਆਂ ਹਨ।

Spread the love

Leave a Reply

Your email address will not be published.

Back to top button