ਪਟਿਆਲਾ ਜ਼ਿਲ੍ਹੇ ਦੇ ਕਿਸਾਨ ਵਟਸਐਪ ਨੰਬਰ 86999-84423 ‘ਤੇ ਸੰਪਰਕ ਕਰਕੇ ਉਪਲਬਧ ਮਸ਼ੀਨਰੀ ਸਬੰਧੀ ਪ੍ਰਾਪਤ ਕਰਨ ਜਾਣਕਾਰੀ : ਡਿਪਟੀ ਕਮਿਸ਼ਨਰ
ਪਟਿਆਲਾ, 14 ਅਕਤੂਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਵੱਲੋਂ ਕਿਸਾਨਾਂ ਨੂੰ ਜ਼ਿਲ੍ਹੇ ਵਿੱਚ ਉਪਲਬਧ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਸਮੇਤ ਹੋਰ ਤਕਨੀਕੀ ਮਦਦ ਮੁਹੱਈਆ ਕਰਵਾਉਣ ਲਈ ਵਟਸਐਪ ਨੰਬਰ 86999-84423 ਜਾਰੀ ਕੀਤਾ ਗਿਆ ਹੈ, ਜਿਸ ਉਤੇ ਕਿਸਾਨ ਜ਼ਿਲ੍ਹੇ ਵਿੱਚ ਮੌਜੂਦ ਉਪਲਬਧ ਮਸ਼ੀਨਰੀ ਦੀ ਸੂਚੀ ਅਤੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰਨ ਲਈ ਸੰਪਰਕ ਨੰਬਰ ਸਮੇਤ ਆਈ-ਖੇਤ ਐਪ ਅਤੇ ਨਵੀਂ ਮਸ਼ੀਨਰੀ ਅਪਲਾਈ ਕਰਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਪ੍ਰਬੰਧਨ ਲਈ ਈਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਕਿਸਾਨ ਖੇਤੀਬਾੜੀ ਵਿਭਾਗ ਦੇ ਮਾਹਰਾਂ ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ ਨਵੀਂਆਂ ਤਕਨੀਕਾਂ ਅਪਣਾਉਣ ਤੇ ਵਿਭਾਗ ਵੱਲੋਂ ਜਾਰੀ ਵਟਸਐਪ ਨੰਬਰ ਦੀ ਵਰਤੋਂ ਕਰਕੇ ਉਪਲਬਧ ਮਸ਼ੀਨਰੀ ਸਬੰਧੀ ਜਾਣਕਾਰੀ ਪ੍ਰਾਪਤ ਕਰਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਕਿਸਾਨਾਂ ਲਈ ਜਾਰੀ ਕੀਤੇ ਵਟਸਐਪ ਨੰਬਰ ਉਤੇ ਕਿਸਾਨਾਂ ਵੱਲੋਂ ਭੇਜੇ ਗਏ ਮੇਸੈਜ ਉਤੇ ਤੁਰੰਤ ਮਸ਼ੀਨਰੀ ਦੀ ਸੂਚੀ ਦਾ ਲਿੰਕ ਤੇ ਬਲਾਕ ਖੇਤੀਬਾੜੀ ਦਫ਼ਤਰ ਦਾ ਸੰਪਰਕ ਨੰਬਰ ਭੇਜਿਆ ਜਾਵੇਗਾ ਤਾਂ ਜੋ ਕਿਸਾਨ ਆਪਣੇ ਨੇੜਲੇ ਖੇਤੀ ਮਾਹਰ ਨਾਲ ਸੰਪਰਕ ਕਰ ਸਕਣ। ਉਨ੍ਹਾਂ ਦੱਸਿਆ ਕਿ ਉਕਤ ਨੰਬਰ ਉਤੇ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਹੈਪੀ ਸੀਡਰ ਤੇ ਸੁਪਰ ਸੀਡਰ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜੋ ਸੂਬਾ ਪੱਧਰ ਉਤੇ ਵਟਸਐਪ ਨੰਬਰ 6283191730 ਜਾਰੀ ਕੀਤਾ ਗਿਆ ਹੈ, ਉਸ ਸਬੰਧੀ ਵੀ ਜਾਣਕਾਰੀ ਮਿਲੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਸ਼ੀਨਰੀ ਅਤੇ ਫ਼ਸਲਾਂ ਸਬੰਧੀ ਜਾਣਕਾਰੀ ਲਈ ਮਾਹਰਾਂ ਦੀ ਰਾਏ ਲੈਣ ਲਈ ਕਿਸਾਨ ਉਕਤ ਵਟਸਐਪ ਨੰਬਰਾਂ ਦੀ ਵਰਤੋਂ ਕਰਨ।