Punjab-Chandigarh

ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਖਿਲਵਾੜ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਾਂਗੇ: ਮੀਤ ਹੇਅਰ

ਚੰਡੀਗੜ੍ਹ, 27 ਜੁਲਾਈ

ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਇਹ ਪੁਖ਼ਤਾ ਕਦਮ ਚੁੱਕਣ ਦਾ ਢੁਕਵਾਂ ਸਮਾਂ ਹੈ।

ਇੱਥੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਫ਼ਤਰ ਵਿਖੇ ਪੰਜਾਬ ਪਬਲਿਕ ਵੇਸਟ ਮੈਨੇਜਮੈਂਟ ਸੁਸਾਇਟੀ ਨਾਲ ਸਬੰਧਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ‘‘ਚੌਗਿਰਦੇ ਦੀ ਸਾਂਭ-ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਡਾ ਇਹ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮੇ ਸੰਭਾਲ ਕੇ ਰੱਖੀਏ ਅਤੇ ਸ਼ੁੱਧ ਵਾਤਾਵਰਨ ਰੱਖੀਏ।’’ 

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਵਾਸਤੇ ਉਦਯੋਗਿਕ ਵਿਕਾਸ ਲਈ ਵਚਨਬੱਧ ਹੈ ਪਰ ਇਸ ਦੇ ਨਾਲ ਹੀ ਵਾਤਾਵਰਨ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਨਸ਼ਿਆਂ ਤੇ ਪ੍ਰਦੂਸ਼ਣ ਖਿਲਾਫ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੈ।

ਕੈਬਨਿਟ ਮੰਤਰੀ ਨੇ ਸੁਸਾਇਟੀ ਨੂੰ ਸਲਾਹ ਦਿੱਤੀ ਕਿ ਆਪਣੇ ਮੰਤਵ ਲਈ ਵੱਧ ਤੋਂ ਵੱਧ ਕੰਪਨੀਆਂ ਨੂੰ ਨਾਲ ਜੋੜਿਆ ਜਾਵੇ ਅਤੇ ਇਸ ਨੂੰ ਵਿੱਤੀ ਤੌਰ ਉਤੇ ਮਜ਼ਬੂਤ ਮਾਡਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਸ ਬਾਰੇ ਵਿਆਪਕ ਜਾਗਰੂਕਤਾ ਦੀ ਲੋੜ ਹੈ ਤਾਂ ਕਿ ਇਸ ਨੂੰ ਜਨਤਕ ਲਹਿਰ ਬਣਾਇਆ ਜਾਵੇ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਨੂੰ ‘ਹਰਿਆ ਭਰਿਆ ਪੰਜਾਬ’ ਬਣਾਉਣ ਦਾ ਮਿਸ਼ਨ ਸਾਕਾਰ ਹੋਵੇਗਾ।

ਮੀਤ ਹੇਅਰ ਨੇ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤਾਂ ਜੋ ਮਨੁੱਖੀ ਹੋਂਦ ਲਈ ਇਸ ਗੰਭੀਰ ਖ਼ਤਰੇ ਨੂੰ ਰੋਕਿਆ ਜਾ ਸਕੇ। ਇਸ ਗੰਭੀਰ ਮੁੱਦੇ ਨਾਲ ਨਜਿੱਠਣ ਲਈ ਆਪਣੇ ਵੱਲੋਂ ਸਹਿਯੋਗ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਨੇ ਬੋਰਡ ਦੇ ਮੈਂਬਰਾਂ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਸੂਬੇ ਵਿੱਚ ਕਿਤੇ ਵੀ ਸਫ਼ਾਈ ਲਈ ਕੋਈ ਪਹਿਲਕਦਮੀ ਕਰਨਗੇ ਤਾਂ ਉਹ ਉਨ੍ਹਾਂ ਦੀ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਣਗੇ।

ਮੀਤ ਹੇਅਰ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਤੋਂ ਸਾਫ਼-ਸੁਥਰਾ ਵਾਤਾਵਰਨ ਮਿਲਿਆ ਹੈ ਪਰ ਪਿਛਲੇ 20-25 ਸਾਲਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕੀਤਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਲੋਕ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਸੰਭਾਲਣ ਦਾ ਤਹੱਈਆ ਕਰਨ।

ਇਸ ਤੋਂ ਪਹਿਲਾਂ ਵਾਤਾਰਨ ਮੰਤਰੀ ਨੂੰ ਲਗਪਗ ਪੰਜ ਸਾਲ ਪਹਿਲਾਂ ਬੋਰਡ ਦੁਆਰਾ ਬਣਾਈ ਇਸ ਸੁਸਾਇਟੀ ਦੇ ਕੰਮਕਾਜ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਇਹ ਬਹੁਪਰਤੀ ਪਲਾਸਟਿਕ ਨੂੰ ਇਕੱਠਾ ਕਰਨ ਅਤੇ ਨਿਪਟਾਰੇ ਲਈ ਪੂਰੇ ਦੇਸ਼ ਵਿੱਚ ਆਪਣੀ ਕਿਸਮ ਦੀ ਵਿਲੱਖਣ ਪਹਿਲਕਦਮੀ ਹੈ। ਸੁਸਾਇਟੀ ਨੇ ਮੰਤਰੀ ਨੂੰ ਪੈੱਨ ਹੋਲਡਰ, ਪੰਛੀਆਂ ਦਾ ਆਲ੍ਹਣਾ, ਬੋਰਡ ਅਤੇ ਪਲਾਸਟਿਕ ਦੇ ਕੂੜੇ ਤੋਂ ਬਣੇ ਹੋਰ ਉਤਪਾਦਾਂ ਤੋਂ ਇਲਾਵਾ ਜੂਟ ਅਤੇ ਕੱਪੜੇ ਦੇ ਥੈਲੇ ਵੀ ਭੇਟ ਕੀਤੇ।

ਕੈਬਨਿਟ ਮੰਤਰੀ ਮੀਤ ਹੇਅਰ ਨੇ ਰਾਜ ਵਿੱਚ ਪਲਾਸਟਿਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬੋਰਡ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਬੋਰਡ ਅਤੇ ਸੁਸਾਇਟੀ ਨੂੰ ਪੰਜਾਬ ਭਰ ਵਿੱਚ ਐਮਐਲਪੀ ਸਬੰਧੀ ਆਪਣੀਆਂ ਗਤੀਵਿਧੀਆਂ ਨੂੰ ਵਧਾਉਣ ਦੇ ਨਾਲ-ਨਾਲ ਹੋਰ ਪਲਾਸਟਿਕ ਵੇਸਟ ਕੁਲੈਕਸ਼ਨ ਨੂੰ ਵੀ ਆਪਣੇ ਦਾਇਰੇ ਵਿੱਚ ਸ਼ਾਮਲ ਕਰਨ ਲਈ ਕਿਹਾ। 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੇ ਨਾਲ-ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੇ ਮੁੱਖ ਵਾਅਦਿਆਂ ਵਿੱਚੋਂ ਇਕ ਹੈ।

ਬੋਰਡ ਦੇ ਅਧਿਕਾਰੀਆਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਉਮੀਦਾਂ `ਤੇ ਖਰ੍ਹਾ ਉਤਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਵਾਤਾਵਰਨ ਮੰਤਰੀ ਦੀ ਨਿੱਜੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਇਕ ਅਹਿਮ ਪਹਿਲੂ ਹੈ।

ਮੀਟਿੰਗ ਦੌਰਾਨ ਬੋਰਡ ਦੇ ਮੈਂਬਰ ਸਕੱਤਰ ਇੰਜਨੀਅਰ ਕਰੁਨੇਸ਼ ਗਰਗ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ। ਮੀਟਿੰਗ ਵਿੱਚ ਉਦਯੋਗਾਂ ਦੇ ਨੁਮਾਇੰਦੇ ਅਤੇ ਸੁਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button