ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਅਲਟੀ ਟੂ ਐਨੀਮਲਜ਼ ਸਬੰਧੀ ਮੀਟਿੰਗ
ਪਟਿਆਲਾ, 4 ਮਈ
ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਅਲਟੀ ਟੂ ਐਨੀਮਲਜ਼ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਕੰਪਲੇਕਸ ਵਿਖੇ ਕੀਤੀ ਗਈI ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਲਈ ਵੱਧ ਤੋਂ ਵੱਧ ਲੋਕ ਅੱਗੇ ਆਉਣ। ਉਹਨਾਂ ਬੇਸਹਾਰਾ ਪਸ਼ੁਆਂ ਲਈ ਸ਼ੈਡ ਅਤੇ ਬਿਮਾਰ ਤੇ ਜ਼ਖਮੀ ਜਾਨਵਰਾਂ ਦੀ ਸਾਂਭ ਸੰਭਾਲ ਲਈ ਐਂਬੂਲੈਂਸ ਖਰੀਦਣ ਲਈ ਵੀ ਕਿਹਾI
ਵਧੀਕ ਡਿਪਟੀ ਕਮਿਸ਼ਨਰ ਨੇ ਪਸ਼ੂਆਂ ਦੀ ਸੰਭਾਲ ਲਈ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਲੋਕਾਂ ਨੂੰ ਵੀ ਇਸ ਕੰਮ ਲਈ ਅੱਗੇ ਹੋਣ ਦੀ ਅਪੀਲ ਕੀਤੀ। ਪਸ਼ੂ ਪਾਲਣ ਵਿਭਾਗ, ਪਟਿਆਲਾ ਦੇ ਸਹਾਇਕ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਵੱਲੋਂ ਸੁਸਾਇਟੀ ਦੇ ਜੁਆਇੰਟ ਸਕੱਤਰ ਵਜੋਂ ਮੀਟਿੰਗ ਦੇ ਏਜੰਡੇ ਨਾਲ ਨੁਕਤਾ ਵਾਈਜ਼ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਵਿੱਚ ਨਗਰ ਨਿਗਮ ਪਟਿਆਲਾ, ਪੰਚਾਇਤੀ ਰਾਜ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਤੋਂ ਸਹਿਯੋਗ ਲੈ ਕੇ ਐਸ.ਪੀ.ਸੀ.ਏ. ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫ਼ੈਸਲਾ ਲਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਮੈਂਬਰਸ਼ਿਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਪੀ.ਸੀ.ਏ. ਆਮ ਮੈਂਬਰ ਦੀ ਦਾਖਲਾ ਫ਼ੀਸ ਵਜੋਂ ਯਕਮੁਸ਼ਤ 100/-ਰੁਪਏ ਅਤੇ ਸਾਲਾਨਾ ਫ਼ੀਸ 200/-ਰੁਪਏ ਹੋਵੇਗੀ। ਜੀਵਨ ਭਰ ਮੈਂਬਰਸ਼ਿਪ ਦੀ ਫ਼ੀਸ 10,000/-ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਜੋ ਵੀ ਵਿਅਕਤੀ ਮੈਂਬਰ ਬਣਨ ਦੇ ਚਾਹਵਾਨ ਹੋਣ, ਉਹ ਤੁਰੰਤ ਨੇੜੇ ਦੇ ਸਿਵਲ ਵੈਟਰਨਰੀ ਹਸਪਤਾਲ ਜਾਂ ਸਿਵਲ ਵੈਟਰਨਰੀ ਡਿਸਪੈਂਸਰੀ ਨਾਲ ਸੰਪਰਕ ਕਰਕੇ ਆਪਣੀ ਮੈਂਬਰਸ਼ਿਪ ਹਾਸਲ ਕਰ ਸਕਦਾ ਹੈ।