ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਮੀਟਿੰਗ
ਪਟਿਆਲਾ, 6 ਜਨਵਰੀ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਪੋਲੋ ਗਰਾਊਂਡ (ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ) ਵਿਖੇ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮਾਗਮ ਸਬੰਧੀ ਕਰਵਾਏ ਜਾਣ ਵਾਲੇ ਵੱਖ-ਵੱਖ ਕਾਰਜਾਂ ਲਈ ਗਠਿਤ ਵਿਭਾਗੀ ਕਮੇਟੀਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਸਮਾਗਮ ਦੀਆਂ ਤਿਆਰੀਆਂ ਲਈ ਸਮੁੱਚੇ ਪ੍ਰਬੰਧ ਸੁਚਾਰੂ ਅਤੇ ਖੂਬਸੂਰਤ ਢੰਗ ਨਾਲ ਨੇਪਰੇ ਚੜ੍ਹਾਏ ਜਾਣ। ਇਸ ਤੋਂ ਬਿਨ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਕਾਰਜ ਸਮੇਂ ਸਿਰ ਪੂਰੇ ਕੀਤੇ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਇਹ ਇੱਕ ਅਹਿਮ ਸਮਾਗਮ ਹੈ, ਇਸ ਲਈ ਇਸ ਦੇ ਪ੍ਰਬੰਧਾਂ ‘ਚ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਵਿਭਾਗਾਂ ਦੇ ਮੁਖੀ ਸਮੁਚੇ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕਰਨੀ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਪਰੇਡ ਵਿਚ ਪੰਜਾਬ ਪੁਲਿਸ ਦੀਆਂ ਦੋ ਟੁਕੜੀਆਂ, ਜੀ.ਆਰ.ਪੀ., ਪੰਜਾਬ ਹੋਮ ਗਾਰਡ, ਸੇਟ ਜੋਨ ਐਂਬਲੈਂਸ, ਸਕਾਊਟ ਗਰਲ ਗਾਇਡ, ਐਨ.ਸੀ.ਸੀ. ਆਰਮੀ ਵਿੰਗ, ਐਨ.ਸੀ.ਸੀ. ਏਅਰ ਵਿੰਗ ਅਤੇ ਐਨ.ਸੀ.ਸੀ. (ਲੜਕੀਆਂ) ਦੀ ਇੱਕ-ਇੱਕ ਟੁਕੜੀ ਸ਼ਾਮਲ ਹੋਵੇਗੀ। ਜਦਕਿ ਆਈ.ਆਰ.ਬੀ. ਦਾ ਬੈਂਡ ਹੋਵੇਗਾ। ਉਨ੍ਹਾਂ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੇ ਵਿਕਾਸ ਨੂੰ ਦਰਸਾਉਂਦੀਆਂ 15 ਝਾਂਕੀਆਂ ਪੇਸ਼ ਕੀਤੀਆਂ ਜਾਣਗੀਆਂ ਜਿਨ੍ਹਾਂ ਵਿਚ ਵਿਭਾਗ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਸਕੀਮਾਂ ਤੇ ਲੋਕ ਪੱਖੀ ਕਾਰਜਾਂ ਨੂੰ ਦਰਸਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਹੋਵੇਗੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਹਰਵੰਤ ਕੌਰ, ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ, ਸਕੱਤਰ ਆਰ.ਟੀ.ਏ. ਬਬਨਦੀਪ ਸਿੰਘ, ਸਹਾਇਕ ਕਮਿਸ਼ਨਰ (ਜ) ਕ੍ਰਿਪਾਲਵੀਰ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।