Punjab-ChandigarhTop NewsUncategorized

ਮੀਤ ਹੇਅਰ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ

ਚੰਡੀਗੜ੍ਹ, 31 ਦਸੰਬਰ 

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਉੱਤੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਦਰਸਾਉਂਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ। ਇਹ ਕੈਲੰਡਰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਸਮੂਹ ਐਵਾਰਡ ਜੇਤੂ ਖਿਡਾਰੀ ਤੇ ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੋ ਕੈਲੰਡਰ ਤਿਆਰ ਕੀਤੇ ਗਏ ਹਨ, ਇੱਕ ਦੀਵਾਰ ਵਾਲਾ ਅਤੇ ਦੂਜਾ ਟੇਬਲ ਕੈਲੰਡਰ।ਖੇਡ ਮੰਤਰੀ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ ਤੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ. ਚੀਮਾ ਦੀ ਹਾਜ਼ਰੀ ਵਿੱਚ ਇਹ ਜਾਰੀ ਕੀਤੇ ਗਏ।

ਖੇਡ ਮੰਤਰੀ ਨੇ ਨਵੇਂ ਸਾਲ ਦੀ ਸਮੂਹ ਪੰਜਾਬੀਆਂ ਅਤੇ ਖੇਡ ਜਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦਾ ਅਮੀਰ ਖੇਡ ਵਿਰਸਾ ਹੈ ਅਤੇ ਪੰਜਾਬੀ ਖਿਡਾਰੀਆਂ ਨੇ ਕੁੱਲ ਦੁਨੀਆਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਖੇਡਾਂ ਵਿੱਚ ਸੂਬੇ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਨਵੀਂ ਖੇਡ ਨੀਤੀ ਦੇ ਪਹਿਲੇ ਹੀ ਸਾਲ ਸਾਰਥਿਕ ਨਤੀਜੇ ਸਾਹਮਣੇ ਆਏ ਅਤੇ ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿੱਚ 72 ਸਾਲ ਦੇ ਰਿਕਾਰਡ ਤੋੜਦਿਆਂ 8 ਸੋਨ ਤਮਗ਼ਿਆਂ ਸਣੇ ਕੁੱਲ 20 ਤਮਗ਼ੇ ਜਿੱਤੇ।

ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ ਚਾਰ ਪਦਮਾ ਭੂਸ਼ਣ, 24 ਪਦਮਾ ਸ਼੍ਰੀ, ਚਾਰ ਖੇਲ ਰਤਨ ਪੁਰਸਕਾਰ, 129 ਅਰਜੁਨਾ ਐਵਾਰਡ, 15 ਦਰੋਣਾਚਾਰੀਆ ਐਵਾਰਡ, 21 ਧਿਆਨ ਚੰਦ ਐਵਾਰਡ ਅਤੇ ਪੰਜ ਤੇਨਜ਼ਿੰਗ ਨਾਰਗੇ ਪੁਰਸਕਾਰ ਜਿੱਤੇ ਹਨ। ਸਮੂਹ 202 ਐਵਾਰਡ ਜੇਤੂ ਕੈਲੰਡਰ ਵਿੱਚ ਸ਼ਾਮਲ ਕੀਤੇ ਗਏ ਹਨ। 

ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ. ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲੰਡਰ ਦਾ ਵਿਲੱਖਣ ਪਹਿਲੂ ਇਹ ਹੈ ਕਿ ਕੌਮਾਂਤਰੀ ਔਰਤ ਦਿਵਸ ਵਾਲੇ ਮਾਰਚ ਮਹੀਨੇ ਸਾਰੀਆਂ ਐਵਾਰਡ ਜੇਤੂ ਮਹਿਲਾ ਖਿਡਾਰਨਾਂ, ਵਿਸ਼ਵ ਅਥਲੈਟਿਕਸ ਦਿਵਸ ਵਾਲੇ ਮਈ ਮਹੀਨੇ ਸਾਰੇ ਅਥਲੈਟਿਕਸ ਦੇ ਐਵਾਰਡ ਜੇਤੂ ਸ਼ਾਮਲ ਹਨ। ਇੱਕ ਪਰਿਵਾਰ ਵਿੱਚ ਕਈ ਐਵਾਰਡ ਜੇਤੂ ਖਿਡਾਰੀ ਵੀ ਹਨ ਜਿਵੇਂ ਪਿਤਾ-ਪੁੱਤਰ, ਦੋ ਭਰਾ, ਪਤੀ-ਪਤਨੀ, ਚਾਚਾ-ਭਤੀਜਾ ਆਦਿ ਹਨ। ਇਨ੍ਹਾਂ ਸਭ ਨੂੰ ਕੈਲੰਡਰ ਵਿੱਚ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। 

Spread the love

Leave a Reply

Your email address will not be published. Required fields are marked *

Back to top button