Punjab-ChandigarhTop News

ਸਨਅਤਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿੱਦਿਅਕ ਅਦਾਰਿਆਂ ਨਿਭਾਅ ਸਕਦੇ ਨੇ ਅਹਿਮ ਭੂਮਿਕਾ : ਮੀਤ ਹੇਅਰ

ਪਟਿਆਲਾ, 4 ਜਨਵਰੀ:
ਪੰਜਾਬ ਦੇ ਸਾਇੰਸ, ਟੈਕਨਾਲੋਜੀ ਤੇ ਵਾਤਾਵਰਣ, ਖੇਡਾਂ ਤੇ ਯੁਵਕ ਸੇਵਾਵਾਂ, ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਪ੍ਰਸ਼ਾਸਕੀ ਸੁਧਾਰ ਅਤੇ ਪ੍ਰਿਟਿੰਗ ਤੇ ਸਟੇਸ਼ਨਰੀ ਬਾਰੇ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੂਬੇ ਦੀਆਂ ਸਨਅਤਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਸਾਂਝੇਦਾਰੀ ਨਾਲ ‘ਤਕਨਾਲੋਜੀ ਦੀ ਮਦਦ ਨਾਲ ਉਦਯੋਗ ਦੀਆਂ ਸਮੱਸਿਆਵਾਂ ਦਾ ਹੱਲ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸੂਬੇ ਦੀਆਂ ਸਨਅਤਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਹੋ ਸਕੇ। ਉਹ ਅੱਜ ਥਾਪਰ ਇੰਸਟੀਚਿਊਟ ਵਿਖੇ ਕਰਵਾਏ ਇੰਡਸਟਰੀ-ਇੰਸਟੀਚਿਊਟ ਇੰਟਰਫੇਸ ਪ੍ਰੋਗਰਾਮ ਵਿਚ ਸ਼ਿਰਕਤ ਕਰ ਰਹੇ ਸਨ।
ਇਸ ਮੌਕੇ ਸੂਬੇ ਦੇ ਵੱਖ ਵੱਖ ਜ਼ਿਲਿਆਂ ਤੋਂ ਆਏ ਇੰਡਸਟਰੀ ਦੇ ਨੁਮਾਇੰਦਿਆਂ ਦੇ ਰੂਬਰੂ ਹੁੰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਪੀਪੀਸੀਬੀ ਅਤੇ ਟੀਆਈਈਟੀ ਦੇ ਸਾਂਝੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ਦੀਆਂ ਸਨਅਤਾਂ ਨੂੰ ਦਰਪੇਸ਼ ਵੱਖ-ਵੱਖ ਵਾਤਾਵਰਣ ਅਤੇ ਤਕਨੀਕੀ ਰੁਕਾਵਟਾਂ ਉਤੇ ਚਰਚਾ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਸਨਅਤਕਾਰਾਂ ਅਤੇ ਖੋਜ ਭਾਈਚਾਰੇ ਨੂੰ ਇਨ੍ਹਾਂ ਦੋਵੇਂ ਸੰਸਥਾਵਾਂ ਵੱਲੋਂ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ ਪਰ ਵਾਤਾਵਰਣ ਸ਼ੁੱਧਤਾ ਵੀ ਸਰਕਾਰ ਦੀ ਮੁੱਖ ਤਰਜੀਹ ਹੈ, ਇਸੇ ਲਈ ਹੁਣ ਵਾਤਾਵਰਣ ਸਬੰਧੀ ਸਨਅਤਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪੀ.ਪੀ.ਸੀ.ਬੀ. ਅਤੇ ਟੀ.ਆਈ.ਈ.ਈ.ਟੀ ਵੱਲੋਂ ਸਾਂਝੇ ਤੌਰ ਉਤੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਮਾਹਿਰਾਂ ਦੇ ਸੁਝਾਅ ਨਾਲ ਮਸਲਿਆਂ ਦਾ ਹੱਲ ਕੀਤਾ ਜਾ ਸਕੇ।
ਉਨ੍ਹਾਂ ਸਨਅਤਕਾਰਾਂ ਨੂੰ ਆਪਣੀਆਂ ਸਮੱਸਿਆਵਾਂ ਰਜਿਸਟਰ ਕਰਵਾਉਣ ਲਈ ਵੈਬਸਾਈਟ (ਆਈ 3) ਲਾਂਚ ਕਰਦਿਆਂ ਕਿਹਾ ਕਿ ਸਨਅਤ ਅਤੇ ਖੋਜ ਸੰਸਥਾਵਾਂ ਵਿਚਕਾਰ ਤਾਲਮੇਲ ਬਣਾਉਣ ਲਈ ਵੈਬਸਾਈਟ ਤਿਆਰ ਕੀਤੀ ਗਈ ਹੈ ਜਿਥੇ ਰਜਿਸਟਰ ਹੋਈ ਸਮੱਸਿਆ ਮਾਹਿਰਾਂ ਵੱਲੋਂ ਹੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੈੱਬਸਾਈਟ ਸਾਰੀਆਂ ਉਦਯੋਗਿਕ ਸਮੱਸਿਆਵਾਂ ਲਈ ਇੱਕ ਸਿੰਗਲ-ਵਿੰਡੋ ਹੱਲ ਸਾਬਤ ਹੋਵੇਗੀ। ਇਸ ਮੌਕੇ ਉਨ੍ਹਾਂ ਐਬਸਟਰੇਕਟ ਜਾਰੀ ਕੀਤਾ ਤੇ ਵਿਦਿਆਰਥੀਆਂ ਵੱਲੋਂ ਬੈਟਰੀ ਨਾਲ ਤਿਆਰ ਕੀਤੇ ਵਾਹਨ ਦਾ ਨਿਰੀਖਣ ਕੀਤਾ ਤੇ ਸਨਅਤਾਂ ਲਈ ਵਾਤਾਵਰਣ ਦੀ ਸ਼ੁੱਧਤਾ ਲਈ ਤਿਆਰ ਕੀਤੀਆ ਪੇਸ਼ਕਾਰੀ ਦੇਖੀਆਂ।
  ਇਸ ਮੌਕੇ ਪੀ.ਪੀ.ਸੀ.ਬੀ ਦੇ ਚੇਅਰਮੈਨ ਪ੍ਰੋ. ਆਦਰਸ਼ਪਾਲ ਵਿਗ ਨੇ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਅਤੇ ਪੰਜਾਬ ਵਿੱਚ ਚੰਗੀਆਂ ਵਾਤਾਵਰਣਕ ਸਥਿਤੀਆਂ ਨੂੰ ਬਹਾਲ ਕਰਨ ਵਿੱਚ ਮਦਦ ਕਰਨ ਲਈ ਤਕਨੀਕੀ ਸੰਸਥਾਵਾਂ ਨਾਲ ਹੱਥ ਮਿਲਾਉਣ ਲਈ ਬੋਰਡ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਰੂਪ ਰੇਖਾ ਦੱਸੀ। ਡਾਇਰੈਕਟਰ ਟੀ.ਆਈ.ਈ.ਈ.ਟੀ. ਪ੍ਰੋ. ਗੋਪਾਲਨ ਨੇ ਉਦਯੋਗਿਕ ਸਮੱਸਿਆਵਾਂ ਦੇ ਤਕਨੀਕੀ ਹੱਲ ਲੱਭਣ ਲਈ ਸਨਅਤ ਤੱਕ ਪਹੁੰਚਣ ਲਈ ਅਕਾਦਮਿਕ ਭਾਈਚਾਰੇ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਸਨਅਤਾਂ ਵੱਲੋਂ ਪੇਸ਼ ਕੀਤੇ ਗਈਆਂ ਸਮੱਸਿਆਵਾਂ ਦੇ ਹੱਲ ਖੋਜ ਟੀਮਾਂ ਵੱਲੋਂ ਮੌਖਿਕ ਪੇਸ਼ਕਾਰੀ ਨਾਲ ਅਤੇ ਪੋਸਟਰਾਂ ਦੇ ਰੂਪ ਵਿੱਚ ਪੇਸ਼ ਕੀਤੇ ਗਏ ਅਤੇ ਉਦਯੋਗ ਅਤੇ ਅਕਾਦਮਿਕ ਭਾਗੀਦਾਰਾਂ ਨੂੰ ਵੱਖ-ਵੱਖ ਸਹਿਯੋਗੀ ਯਤਨਾਂ ‘ਤੇ ਚਰਚਾ ਕਰਨ ਲਈ ਇੱਕ ਖੁੱਲਾ ਮੰਚ ਪ੍ਰਦਾਨ ਕੀਤਾ ਗਿਆ।
ਪੀਪੀਸੀਬੀ ਦੇ ਮੈਂਬਰ ਸਕੱਤਰ ਜੀ.ਐਸ.ਮਜੀਠੀਆ ਨੇ ਵਰਕਸ਼ਾਪ ਦੇ ਉਦੇਸ਼ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿਸੇ ਵੀ ਸੂਬੇ ਵੱਲੋਂ ਵਿਦਿਅਕ ਸੰਸਥਾਵਾਂ ਦੇ ਵਿਗਿਆਨਕ ਭਾਈਚਾਰੇ ਦੇ ਸਿੱਧੇ ਦਖਲ ਨਾਲ ਵਾਤਾਵਰਣ ਦੇ ਮੁੱਦਿਆਂ ਨਾਲ ਨਜਿੱਠਣ ਲਈ ਪਹਿਲੀ ਪਹਿਲ ਹੈ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸੇਰਮਾਜਰਾ, ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਤੇ ਡਾ: ਅਨੂਪ ਕੁਮਾਰ ਵੀ ਮੌਜੂਦ ਸਨ।
ਕੈਪਸ਼ਨ : ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਾਤਾਵਰਣ ਦੇ ਹੱਲ ਲਈ ਤਿਆਰ ਕੀਤੀਆਂ ਪੇਸ਼ਕਾਰੀ ਦੇਖਦੇ ਹੋਏ।

Spread the love

Leave a Reply

Your email address will not be published. Required fields are marked *

Back to top button