ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਸਿਹਤ ਸਮੱਸਿਆਵਾਂ ਸਬੰਧੀ ਜਾਗਰੂਕ ਕਰਨਾ ਵੀ ਜ਼ਰੂਰੀ : ਸਿਹਤ ਮੰਤਰੀ
ਪਟਿਆਲਾ, 1 ਅਕਤੂਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਸਬੰਧੀ ਜਾਗਰੂਕ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਜਾਗਰੂਕ ਹੋਏ ਵਿਅਕਤੀ ਕਿਸੇ ਵੀ ਬਿਮਾਰੀ ਦੀ ਸ਼ੁਰੂਆਤ ਮੌਕੇ ਹੀ ਸਹੀ ਇਲਾਜ ਕਰਵਾਕੇ ਬਿਮਾਰੀਆਂ ਦੇ ਗੰਭੀਰ ਨਤੀਜਿਆਂ ਤੋਂ ਬਚ ਸਕਦੇ ਹਨ। ਇਸ ਮੌਕੇ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਕ੍ਰਿਸ਼ਨਾ ਕਲੋਨੀ ਦੀ ਧਰਮਸ਼ਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਮੈਡੀਕਲ ਕੈਂਪ ਵਿੱਚ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਘਰਾਂ ਨੇੜੇ ਹੀ ਆਪਣੀ ਸਿਹਤ ਜਾਂਚ ਕਰਵਾਉਣ ਲਈ ਲਾਹੇਵੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਜਿਨ੍ਹਾਂ ਦਾ ਵੱਡੀ ਗਿਣਤੀ ਲੋਕ ਲਾਭ ਉਠਾ ਰਹੇ ਹਨ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਕੈਂਪ ਵਿੱਚ ਜਿਥੇ ਮਰੀਜ਼ਾਂ ਦੇ ਟੈਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ ਹਨ ਉਥੇ ਹੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਹੈ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਂਦੇ ਰਹਿਣਗੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ (ਆਈ.ਏ.ਐਸ. ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ ਦੀ ਦੇਖ ਰੇਖ ਵਿੱਚ ਲਗਾਏ ਇਸ ਕੈਂਪ ‘ਚ ਵਿਸ਼ੇਸ਼ ਤੌਰ ਉਤੇ ਔਰਤਾਂ (ਰਿਪਰੋਡਕਟਿਵ ਏਜ਼ ਗਰੁੱਪ) ਨੂੰ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਮੁਫ਼ਤ ਡਾਕਟਰੀ ਸਲਾਹ, ਮੁਫ਼ਤ ਕੈਂਸਰ ਸਕਰੀਨਿੰਗ, ਬੀ.ਪੀ. ਚੈਕ, ਬਲੱਡ ਸ਼ੂਗਰ, ਹੈਪੇਟਾਈਟਸ ਬੀ ਤੇ ਸੀ ਦੇ ਮੁਫ਼ਤ ਟੈਸਟਾਂ ਸਮੇਤ ਮੁਫ਼ਤ ਬੀ.ਐਮ.ਡੀ. (ਕੈਲਸ਼ੀਅਮ ਟੈਸਟ), ਮੁਫ਼ਤ ਹੀਮੋਗਲੋਬਿਨ ਟੈਸਟ, ਮੁਫ਼ਤ ਸੈਨੇਟਰੀ ਪੈਡਸ, ਲੋੜ ਅਨੁਸਾਰ ਮੁਫ਼ਤ ਦਵਾਈਆਂ, ਕੋਵਿਡ ਟੀਕਾਕਰਨ, ਆਯੂਰਵੈਦਿਕ ਉਪਚਾਰ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕਤਾ ਕੀਤੀ ਗਿਆ ਹੈ।
ਇਸ ਮੌਕੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਕੈਂਪ ਦੌਰਾਨ 472 ਮਰੀਜ਼ਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਤੇ 358 ਨੇ ਐਚ.ਬੀ. ਦੀ ਜਾਂਚ ਕਰਵਾਈ ਜਿਸ ਵਿਚੋਂ 54 ਵਿੱਚ ਘਾਟ ਪਾਈ ਗਈ। ਇਸੇ ਤਰ੍ਹਾਂ 272 ਨੇ ਬੀ.ਐਮ.ਡੀ. ਟੈਸਟ ਕਰਵਾਏ ਤੇ 13 ਮਰੀਜ਼ਾਂ ਵਿੱਚ ਘਾਟ ਪਾਈ ਗਈ। 315 ਮਰੀਜ਼ਾਂ ਵੱਲੋਂ ਆਰ.ਬੀ.ਐਸ. ਟੈਸਟ ਕਰਵਾਇਆ ਗਿਆ ਜਿਨ੍ਹਾਂ ਵਿਚੋਂ 42 ਨੂੰ ਸ਼ਕਰ ਰੋਗ ਆਇਆ। ਇਸ ਮੌਕੇ 460 ਸੈਨੇਟਰੀ ਪੈਡਸ ਔਰਤਾਂ ਨੂੰ ਵੰਡੇ ਗਏ
ਕੈਂਪ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਐਲ.ਐਲ.ਏ. ਅਜੀਤਪਾਲ ਸਿੰਘ ਕੋਹਲੀ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਆਪਣੇ ਟੈਸਟ ਕਰਵਾਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਸਿਵਲ ਸਰਜਨ ਡਾ. ਰਾਜੂ ਧੀਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਸ਼ਲਦੀਪ ਕੌਰ, ਔਰਤ ਰੋਗਾਂ ਦੇ ਮਾਹਰ ਡਾ. ਏਕਤਾ, ਮੈਡੀਕਲ ਅਫ਼ਸਰ ਡਾ. ਕਿਰਨ, ਆਯੂਸ਼ ਡਾ. ਹਰਨਵਦੀਪ ਅਤੇ ਡਾ. ਕਿਰਨ, ਅਮਰ ਹਸਪਤਾਲ ਤੋਂ ਮੈਡੀਸਨ ਦੇ ਮਾਹਰ ਡਾ. ਅਦੀਸ਼ ਗੋਇਲ, ਹੱਡੀਆਂ ਦੇ ਮਾਹਰ ਡਾ. ਅਸ਼ੀਨ ਅਤੇ ਡਾ. ਗਰੋਵਰ, ਆਨਕੋਲੋਜਿਸਟ ਡਾ. ਮੁਵੀਨ ਅਤੇ ਡਾ. ਸੰਦੀਪ, ਦੀਪਇੰਦਰ ਸਿੰਘ, ਏ.ਐਨ.ਐਮ, ਆਸ਼ਾ ਵਰਕਰ ਅਤੇ ਸਟਾਫ਼ ਮੌਜੂਦ ਸੀ।
ਕੈਪਸ਼ਨ : ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੈਡੀਕਲ ਕੈਂਪ ਦੌਰਾਨ ਟੈਸਟ ਕਰਵਉਂਦੇ ਹੋਏ, ਉਨ੍ਹਾਂ ਦੇ ਨਾਲ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਨਜ਼ਰ ਆ ਰਹੇ ਹਨ।