ਮੁੱਖ ਮੰਤਰੀ ਦੀ ਅਗਵਾਈ ਵਿਚ ਮੰਤਰੀ ਮੰਡਲ ਵੱਲੋਂ 27 ਸਤੰਬਰ ਨੂੰ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦਣ ਦੀ ਸਿਫਾਰਸ਼
ਚੰਡੀਗੜ੍ਹ, 22 ਸਤੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਸੂਬੇ ਦੇ ਰਾਜਪਾਲ ਨੂੰ 27 ਸਤੰਬਰ ਦਿਨ ਮੰਗਲਵਾਰ ਨੂੰ 16ਵੀਂ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦਣ ਲਈ ਸਿਫਾਰਸ਼ ਕੀਤੀ ਹੈ।
ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦਫ਼ਤਰ ਵਿਚ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤੀ ਸੰਵਿਧਨ ਦੀ ਧਾਰਾ 174 ਦੀ ਧਾਰਾ (1) ਦੇ ਅਨੁਸਾਰ ਰਾਜਪਾਲ ਵਿਧਾਨ ਸਭਾ ਦਾ ਸਮਾਗਮ ਅਜਿਹੇ ਸਮੇਂ ਅਤੇ ਥਾਂ ਉਤੇ ਬੁਲਾਉਣ ਲਈ ਅਧਿਕਾਰਤ ਹਨ, ਜਿਵੇਂ ਕਿ ਉਹ ਯੋਗ ਸਮਝਣ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਮਾਗਮ ਦੀ ਅੰਤਿਮ ਬੈਠਕ ਤੇ ਅਗਲੇ ਸਮਾਗਮ ਦੀ ਪਹਿਲੀ ਬੈਠਕ ਦੀ ਨਿਰਧਾਰਤ ਮਿਤੀ ਵਿਚ 6 ਮਹੀਨੇ ਤੋਂ ਵੱਧ ਦਾ ਫਰਕ ਨਾ ਹੋਵੇ। 16ਵੀਂ ਵਿਧਾਨ ਸਭਾ ਦਾ ਦੂਜਾ ਬਜਟ ਸੈਸ਼ਨ 30 ਜੂਨ, 2022 ਨੂੰ ਹੋਇਆ ਸੀ ਜਿਸ ਕਰਕੇ 27 ਸਤੰਬਰ, 2022 ਨੂੰ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦਣ ਦੀ ਸਿਫਾਰਸ਼ ਕੀਤੀ ਗਈ ਹੈ।