ਮੁਲਾਜ਼ਮਾਂ ਦੇ ਪਰੋਬੇਸ਼ਨ ਪੀਰੀਅਡ ਦਾ ਬਕਾਇਆ ਤੇ ਪੇਂਡੂ ਭੱਤਾ ਦੇਣ ਤੋਂ ਮੁੱਕਰੀ ਚੰਨੀ ਸਰਕਾਰ : ਡੀਟੀਐੱਫ਼
Shiv Kumar:
ਮੋਗਾ, 14 December: ਪੰਜਾਬ ਸਰਕਾਰ ਵੱਲੋਂ ਜਿੱਥੇ ਵੱਡੇ ਪੱਧਰ ’ਤੇ ਮੁਲਾਜ਼ਮ ਪੱਖੀ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੁਣ ਮੁਲਾਜ਼ਮਾਂ ਦਾ ਪਰੋਬੇਸ਼ਨ ਪੀਰੀਅਡ ਦਾ ਬਕਾਇਆ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਇੱਕ-ਇੱਕ ਕਰਕੇ ਵੱਖ-ਵੱਖ ਤਰ੍ਹਾਂ ਦੇ ਭੱਤਿਆਂ ਨੂੰ ਰੋਕਣ ਸਬੰਧੀ ਪੱਤਰ ਲਾਗੂ ਕੀਤੇ ਜਾ ਰਹੇ ਹਨ। ਇਸ ਮਸਲੇ ਬਾਰੇ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜਿਲਾ ਮੋਗਾ ਦੇ ਪ੍ਰਧਾਨ ਅਮਨਦੀਪ ਮਟਵਾਣੀ ਤੇ ਜਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉੱਕਤ ਫੈਸਲੇ ਕਰਕੇ ਮੁਲਾਜ਼ਮਾਂ ਦਾ ਆਰਥਿਕ ਨੁਕਸਾਨ ਕਰਨ ਲਈ ਵੱਡਾ ਕੁਹਾੜਾ ਚਲਾ ਰਹੀ ਹੈ। ਸਰਕਾਰ ਵੱਲੋਂ ਪਰੋਬੇਸ਼ਨ ਪੀਰੀਅਡ ‘ਤੇ ਕੀਤੇ ਕੰਮ ਦਾ ਤਨਖਾਹ-ਬਕਾਇਆ ਨਾ ਦੇਣ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਨਾਲ ਨਿਗੂਣੀ ਮੁੱਢਲੀ ਤਨਖਾਹ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਕ ਪੱਤਰ ਜਾਰੀ ਕਰਕੇ ਪੇਂਡੂ ਭੱਤਾ ਦੇਣ ਤੋਂ ਸਰਕਾਰ ਮੁਕਰੀ ਹੈ ਜਿਸਨੂੰ ਅਧਾਰ ਬਣਾ ਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖਜ਼ਾਨਾ ਦਫ਼ਤਰਾਂ ਵੱਲੋਂ ਤਨਖਾਹ ਬਿੱਲ ਲੈਣ ਤੋਂ ਇੰਨਕਾਰ ਕੀਤਾ ਜਾ ਰਿਹਾ ਹੈ ਜਿਸਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਸਰਕਾਰ ਮੀਡੀਆ ਵਿੱਚ ਛੇਵੇਂ ਪੇਅ ਕਮਿਸ਼ਨ ਨੂੰ ਮੁਲਾਜ਼ਮ ਪੱਖੀ ਹੋਣ ਦਾ ਝੂਠਾ ਪ੍ਰਚਾਰ ਕਰ ਰਹੀ ਹੈ। ਚੰਨੀ ਸਰਕਾਰ ਦੇ ਉਪਰੋਕਤ ਮੁਲਾਜ਼ਮ ਮਾਰੂ ਫੈਸਲਿਆਂ ਦੇ ਖਿਲਾਫ ਵੱਡੇ ਪੱਧਰ ‘ਤੇ ਜਿਲਾ ਮੋਗਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਪੇਅ-ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।
ਡੀਟੀਐੱਫ਼ ਮੋਗਾ ਦੇ ਜ਼ਿਲਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ, ਵਿੱਤ ਸਕੱਤਰ ਗੁਰਮੀਤ ਝੋਰੜਾਂ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ ਨੇ ਕਿਹਾ ਕਿ ਡੀਟੀਐੱਫ਼ ਵੱਲੋਂ ਸਮੁੱਚੇ ਕਾਡਰਾਂ ਦੇ ਮੁਲਾਜ਼ਮ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉੱਕਤ ਮੰਗਾਂ ਸਰਕਾਰ ਵੱਲੋਂ ਨਾ ਮੰਨੀਆਂ ਗਈਆਂ ਤਾਂ ਇੱਕ ਵਾਰ ਫਿਰ ਤੋਂ ਇਕੱਠੇ ਹੋਕੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਲੜਾਈ ਲੜਨ ਲਈ ਤਿਆਰ ਰਿਹਾ ਜਾਵੇ। ਪੰਜਾਬ ਦੇ ਸਮੂਹ ਜੁਝਾਰੂ ਅਧਿਆਪਕ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਡੀਟੀਐੱਫ਼ ਪੰਜਾਬ ਦੇ ਅਗਲੇ ਸੱਦੇ ‘ਤੇ ਅਗਲੇ ਤਿੱਖੇ ਐਕਸ਼ਨ ਲਈ ਤਿਆਰ ਰਿਹਾ ਜਾਵੇ ਤਾਂ ਜੋ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਦਾ ਜਵਾਬ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਵੋਟਾਂ ਦੇ ਦਿਨਾਂ ਵਿੱਚ ਹਰ ਹਲਕੇ ਵਿੱਚ ਮੁਲਾਜ਼ਮਾਂ ਦਾ ਵਿਰੋਧ ਝੱਲਣ ਲਈ ਤਿਆਰ ਰਹੇ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਜਿਲਾ ਕਮੇਟੀ ਮੈਂਬਰਾਨ ਸ਼੍ਰੀਮਤੀ ਮਧੂ ਬਾਲਾ, ਸਵਰਨਦਾਸ ਧਰਮਕੋਟ, ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ, ਹਰਪਿੰਦਰ ਸਿੰਘ ਢਿੱਲੋਂ, ਜਗਦੇਵ ਮਹਿਣਾ, ਦੀਪਕ ਮਿੱਤਲ, ਸੁਖਮਮੰਦਰ ਨਿਹਾਲ ਸਿੰਘ ਵਾਲਾ ਤੇ ਪ੍ਰੇਮ ਸਿੰਘ ਨੇ ਤਾਈਦ ਕੀਤੀ।