ਹੁਣ ਰੁਜਗਾਰ ਹੀ ਨਹੀਂ ਮਨਭਾਉਂਦਾ ਰੁਜਗਾਰ ਪਾਉਣ ਲਈ ਯਤਨਸ਼ੀਲ ਹਨ ਪੰਜਾਬ ਦੇ ਨੌਜਵਾਨ
ਚੰਡੀਗੜ੍ਹ, 28 ਅਪ੍ਰੈਲ
ਪੰਜਾਬ ਵਿੱਚ ਬੀਤੇ ਇੱਕ ਸਾਲ ਦੌਰਾਨ ਸਰਕਾਰੀ ਨੌਕਰੀਆਂ ਦੇ ਮੌਕਿਆਂ ਵਿੱਚ ਹੋਏ ਵੱਡੇ ਵਾਧੇ ਕਾਰਨ ਸੂਬੇ ਦੇ ਨੌਜਵਾਨ ਹੁਣ ਸਿਰਫ ਰੁਜਗਾਰ ਲਈ ਨਹੀਂ ਬਲਕਿ ਮਨਭਾਉਂਦਾ ਰੁਜਗਾਰ ਪਾਉਣ ਲਈ ਯਤਨਸ਼ੀਲ ਹਨ। ਇਸ ਬਾਰੇ ਦੂਸਰਾ ਦਿਲਚਸਪ ਪਹਿਲੂ ਇਹ ਹੈ ਕਿ ਜੋ ਨੌਜਵਾਨ ਸਰਕਾਰੀ ਨੌਕਰੀਆਂ ਵਿੱਚ ਆ ਰਹੇ ਹਨ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਪਰਿਵਾਰਾਂ ਵਿੱਚੋਂ ਪਹਿਲਾਂ ਕੋਈ ਵੀ ਸਰਕਾਰੀ ਨੌਕਰੀ ਵਿੱਚ ਨਹੀਂ ਸੀ।
ਕੁਝ ਅਜਿਹਾ ਹੀ ਕਿੱਸਾ ਹੈ ਇਸ ਹਫਤੇ ਆਮ ਰਾਜ ਪ੍ਰਬੰਧ ਵਿਭਾਗ ਵਿੱਚ ਬਤੌਰ ਕਲਰਕ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਕ੍ਰਿਤਿਕਾ ਅਤੇ ਸੂਰਜ ਕੁਮਾਰ ਦਾ। ਆਪਣੇ ਨਾਂਅ ਅਨੁਸਾਰ ਸਿਤਾਰਿਆਂ ਵਾਂਗ ਚਮਕਣ ਦੀ ਚਾਹ ਰੱਖਣ ਵਾਲੀ ਪਟਿਆਲਾ ਨਿਵਾਸੀ ਕ੍ਰਿਤਿਕਾ ਦਾ ਕਹਿਣਾ ਹੈ ਕਿ ਉਹ ਪਟਵਾਰੀ ਦੀ ਆਸਾਮੀ ਲਈ ਮੁਢਲਾ ਇਮਤਿਹਾਨ, ਪੀ.ਐਸ.ਪੀ.ਸੀ.ਐਲ ਦਾ ਮੁਢਲਾ ਇਮਤਿਹਾਨ ਅਤੇ ਪੀ.ਐਸ.ਐਸ.ਐਸ.ਬੀ. ਵੱਲੋਂ ਲਿਆ ਗਿਆ ਲਿਖਤੀ ਅਤੇ ਟਾਈਪਿੰਗ ਟੈਸਟ ਪਾਸ ਕਰ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀ ਵਿੱਚ ਆਉਣ ਵਾਲੀ ਉਹ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਹੈ। ਕ੍ਰਿਤਿਕਾ ਨੇ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਢੰਗ ਨਾਲ ਚਲਾਈ ਜਾ ਰਹੀ ਭਰਤੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚੋਂ ਵਿਦੇਸ਼ਾਂ ਨੂੰ ਹੋ ਰਹੇ ਹੁਨਰ ਦੇ ਪ੍ਰਵਾਸ ਨੂੰ ਠੱਲ ਪਵੇਗੀ। ਉਸ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਸਿਰਫ ਉਹੀ ਨਹੀਂ ਉਸਦੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਹੈ।
ਫਾਜਿਲਕਾ ਜਿਲ੍ਹੇ ਦੇ ਪਿੰਡ ਸੌਜ ਦੇ ਛੋਟੇ ਕਿਸਾਨ ਤਿਲਕ ਰਾਜ ਦਾ ਸਪੁੱਤਰ ਸੂਰਜ ਕੁਮਾਰ ਦਾ ਨਿਸ਼ਾਨਾ ਵੀ ਬਤੌਰ ਪੁਲਿਸ ਅਫਸਰ ਸੇਵਾਵਾਂ ਨਿਭਾਉਣਾ ਹੈ। ਸੂਰਜ ਦਾ ਕਹਿਣਾ ਹੈ ਕਿ ਉਹ ਬਤੌਰ ਕਲਰਕ ਆਪਣੀਆਂ ਸੇਵਾਵਾਂ ਸਮੱਰਪਿਤ ਭਾਵਨਾ ਨਾਲ ਨਿਭਾਉਣ ਦੇ ਨਾਲ-ਨਾਲ ਪੁਲਿਸ ਅਫਸਰ ਭਰਤੀ ਹੋਣ ਲਈ ਤਿਆਰੀ ਜਾਰੀ ਰੱਖੇਗਾ। ਉਸ ਨੇ ਕਿਹਾ ਕਿ ਮੌਜੂਦਾ ਨੌਕਰੀ ਲਈ ਬਿਨਾਂ ਕਿਸੇ ਸਿਫਾਰਿਸ਼ ਜਾਂ ਰਿਸ਼ਵਤ ਦੇ ਹੋਈ ਉਸ ਦੀ ਨਿਯੁਕਤੀ ਨੇ ਉਸ ਅੰਦਰ ਇਹ ਵਿਸ਼ਵਾਸ ਪੈਦਾ ਕੀਤਾ ਹੈ ਕਿ ਇਸ ਸਰਕਾਰ ਦੌਰਾਨ ਸੱਭ ਕੁਝ ਸੰਭਵ ਹੈ। ਸੂਰਜਾ ਦਾ ਕਹਿਣਾ ਹੈ ਕਿ ਜਿੰਦਗੀ ਕੀ ਅਸਲੀ ਉਡਾਨ ਅਬੀ ਬਾਕੀ ਹੈ, ਜਿੰਦਗੀ ਕੇ ਕਈ ਇਮਤਿਹਾਨ ਅਬੀ ਬਾਕੀ ਹੈ, ਅਬੀ ਤੋ ਨਾਪੀ ਹੈ ਮੁੱਠੀ ਭਰ ਜਮੀਨ ਹਮਨੇ, ਅਬੀ ਤੋ ਸਾਰਾ ਆਸਮਾਨ ਬਾਕੀ ਹੈ।
ਇਥੇ ਜਿਕਰਯੋਗ ਹੈ ਕਿ ਇਸ ਹਫਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਥਾਨਕ ਸਰਕਾਰਾਂ, ਆਮ ਰਾਜ ਪ੍ਰਬੰਧ, ਲੋਕ ਨਿਰਮਾਣ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗਾਂ ਵਿੱਚ ਵੱਖ-ਵੱਖ ਅਹੁਦਿਆਂ ਲਈ 408 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਇੰਨ੍ਹਾਂ ਨੌਜਵਾਨਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਇੰਨਾਂ ਨੌਜਵਾਨਾਂ ਨੂੰ ਜਿੰਦਗੀ ਵਿੱਚ ਹੋਰ ਮੱਲਾਂ ਮਾਰਣ ਲਈ ਪ੍ਰੇਰਿਆ।